*
ਸਹਾਰਾ ਜਿਸ ਕਿਸੇ ਦਾ ਵੀ ਮੈਨੂੰ ਦਰਕਾਰ ਸੀ ਚੁੱਪ ਸੀ
ਜਿਹੜਾ ਵੀ ਪਿਆਰ ਸੀ ਦਿਲਦਾਰ ਸੀ ਗ਼ਮਖਾਰ ਸੀ ਚੁੱਪ ਸੀ
ਕਹਾਣੀ ਵਧ ਰਹੀ ਸੀ ਆਖ਼ਰੀ ਮੰਜ਼ਿਲ ਵਖਾਵਣ ਵੱਲ
ਉਹਦੇ ਵਿਚ ਓਹ ਜਿਹੜਾ ਇਕ ਮਰਕਜ਼ੀ ਕਿਰਦਾਰ ਸੀ ਚੁੱਪ ਸੀ
ਉਡੀਕਣਹਾਰ ਸਨ ਮੰਜ਼ਿਲ ਦੇ ਜਾਣੂ ਬੋਲਦੇ ਰਸਤੇ
ਪਰ ਉਹਨਾਂ ਵਿਚ ਜੋ ਸਾਡੇ ਲਈ ਜ਼ਰਾ ਦੁਸ਼ਵਾਰ ਸੀ ਚੁੱਪ ਸੀ
ਗਵਾਹੀ ਦੇ ਰਹੀ ਸੀ ਸਾਰੀ ਪਰਿਆ ਬੇਗੁਨਾਹੀ ਦੀ
ਜੀਹਦਾ ਨਾ ਬੋਲਣਾ ਉਸ ਵਕਤ ਸਾਡੀ ਹਾਰ ਸੀ ਚੁੱਪ ਸੀ
ਨਿੱਕੇ ਜਿਹੇ ਝੂਠ ਨੇ ਓਹਦੇ ਲਬਾਂ ਤੋਂ ਲਫ਼ਜ਼ ਇੰਝ ਖੋਹੇ
ਗਏ ਸਮਿਆਂ 'ਚ ਅੰਤਾਂ ਦਾ ਜੋ ਖ਼ੁਸ਼ਗੁਫ਼ਤਾਰ ਸੀ ਚੁੱਪ ਸੀ