*
ਪੱਥਰ ਏ ਅਹਿਸਾਸ ਦਵਾਉਣਾ ਪੈਣਾ ਏਂ
ਮਤਲਬ ਮੈਨੂੰ ਪਿਆਰ ਜਤਾਉਣਾ ਪੈਣਾ ਏਂ
ਹੌਕੇ ਲੈ ਲੈ ਰੂਹਾਂ ਬਰਫ਼ਾਂ ਹੋ ਗਈਆਂ
ਸਾਹਾਂ ਨੂੰ ਹੁਣ ਸੇਕ ਲਵਾਉਣਾ ਪੈਣਾ ਏਂ
ਉਹ ਜੇ ਮੇਰੇ ਦਿਲ ਦੀ ਧੜਕਨ ਸੁਣਦਾ ਨਈਂ
ਅੱਖਾਂ ਨੂੰ ਹੁਣ ਰੌਲ਼ਾ ਪਾਉਣਾ ਪੈਣਾ ਏਂ
ਵੇਖੀਂ ਕਿਧਰੇ ਜੇ ਤੂੰ ਮੈਨੂੰ ਨਾ ਮਿਲਿਆ
ਮੈਨੂੰ ਤੇਰਾ ਬੁੱਤ ਬਣਾਉਣਾ ਪੈਣਾ ਏਂ
ਮੈਨੂੰ ਹੀਰ ਸਲੇਟੀ ਸਮਝਣ ਵਾਲੜਿਆ
ਤੈਨੂੰ ਮਿਰਜ਼ਾ ਬਣਕੇ ਆਉਣਾ ਪੈਣਾ ਏਂ
ਸ਼ੌਹ ਦਰਿਆ ਹੁਣ ‘ਬੁਸ਼ਰਾ’ ਦੀ ਮਜਬੂਰੀ ਨਈਂ
ਪਰਲੇ ਪਾਰੋਂ ਓਹਨੂੰ ਆਉਣਾ ਪੈਣਾ ਏਂ