*
ਦਿਲ ਦਾ ਵਿਹੜਾ ਵੱਸ ਪਵੇ ਪਰ ਕਿੱਥੋਂ
ਇਕ ਵਾਰੀ ਓਹ ਹੱਸ ਪਵੇ ਪਰ ਕਿੱਥੋਂ
ਓਹਦੇ ਤੀਕਰ ਉੱਡਕੇ ਅੱਪੜ ਜਾਵਾਂ
ਜੇਕਰ ਓਹਦੀ ਦੱਸ ਪਵੇ ਪਰ ਕਿੱਥੋਂ
ਖੁੱਲ੍ਹੀਆਂ ਬਾਹਵਾਂ ਦੇ ਨਾਲ਼ ਹੋਕਾ ਦੇਵਾਂ
ਓਹ ਮੇਰੇ ਵੱਲ ਨੱਸ ਪਵੇ ਪਰ ਕਿੱਥੋਂ
ਮੈਂ ਚਾਹੁੰਨੀ ਆਂ ਮੇਰੇ ਗ਼ਮ ਦਾ ਬੱਦਲ਼
ਓਹਦੀ ਅੱਖ 'ਚੋਂ ਵੱਸ ਪਵੇ ਪਰ ਕਿੱਥੋਂ
ਹਰ ਪਲ ਓਹਦੀਆਂ ਸੋਚਾਂ ਯਾਦਾਂ ਵਾਲ਼ਾ
ਦਿਲ ਵਿਚ ਨਾ ਘੜਮੱਸ ਪਵੇ ਪਰ ਕਿੱਥੋਂ
ਜਾਵਣ ਵਾਲਾ ਜੇ 'ਬੁਸ਼ਰਾ’ ਮੁੜ ਆਵੇ
ਲਗਰਾਂ ਦੇ ਵਿਚ ਰਸ ਪਵੇ ਪਰ ਕਿੱਥੋਂ