*
ਓਹਦੀ ਯਾਦ 'ਚ ਅੱਖ ਭਰ ਆਵੇ ਕੈਸੀ ਗੱਲ ਏ
ਜੀਹਦੇ ਹੁੰਦਿਆਂ ਦਿਲ ਘਬਰਾਵੇ ਕੈਸੀ ਗੱਲ ਏ
ਜੀਹਨੂੰ ਇਲਮ ਏ ਹਰ ਇਕ ਗੱਲ ਦਾ ਹਰ ਇਕ ਗੱਲ ਦਾ
ਓਹਦੀ ਸਮਝੇ ਕੁਝ ਨਾ ਆਵੇ ਕੈਸੀ ਗੱਲ ਏ
ਸੁੱਖ ਨੂੰ ਆਪਣੇ ਨਾਲ ਬਿਠਾ ਕੇ ਸੱਜੇ ਪਾਸੇ
ਬੰਦਾ ਦੁੱਖ ਦਾ ਹਾਲ ਸੁਣਾਵੇ ਕੈਸੀ ਗੱਲ ਏ
ਕੋਈ ਨਈਂ ਸੁਣਦਾ ਹਾਲ ਗਰੀਬ ਦਾ ਇਸ ਦੁਨੀਆਂ ਤੇ
ਜਿੰਨਾ ਮਰਜ਼ੀ ਰੌਲ਼ਾ ਪਾਵੇ ਕੈਸੀ ਗੱਲ ਏ
ਓਹਦੇ ਲਈ ਤੇ ਕਿਸੇ ਨਈਂ ਲਿਖਿਆ ਅੱਜ ਤੀਕਰ
ਜੀਣ ਦੀ ਖ਼ਾਤਰ ਜੋ ਮਰ ਜਾਵੇ ਕੈਸੀ ਗੱਲ ਏ
ਜਿਹੜਾ ਬੰਦਾ ਕੁਝ ਨਾ ਹੋਵੇ ਉਹ ਬੰਦਾ
ਉੱਚਾ ਆਪਣਾ ਨਾਮ ਸਦਾਵੇ ਕੈਸੀ ਗੱਲ ਏ
ਓਹਦੇ ਉੱਤੇ ਹਿਰਖ ਨਈਂ ਆਉਂਦਾ 'ਬੁਸ਼ਰਾ' ਜਿਹੜਾ
ਗੱਲ ਗੱਲ ਉੱਤੇ ਲਾਰੇ ਲਾਵੇ ਕੈਸੀ ਗੱਲ ਏ