

ਅਤਾਈ ਖਾਨ ਆਪਣੇ ਟੁਕੜੀ ਨੂੰ ਲੈ ਕੇ ਅੱਗੇ ਵਧਿਆ। ਉਸ ਨਾਲ ਜਮਾਲ ਖਾਂ ਵੀ ਸੀ। ਉਹ ਬਾਬਾ ਜੀ ਦੇ ਸਾਹਮਣੇ ਆ ਗਏ। ਸਿਪਾਹੀ ਅੱਗੇ ਨਾ ਹੋਣ। ਅੱਗੇ ਹੋ ਹੀ ਕੌਣ ਸਕਦਾ ਸੀ। ਧੜ੍ਹਾਂ 'ਤੇ ਸਿਰਾਂ ਵਾਲਿਆਂ ਨਾਲ ਤਾਂ ਫੇਰ ਕੋਈ ਲੜ ਲਵੇ, ਬਿਨਾ ਸਿਰ ਤੋਂ ਜੂਝਦਿਆਂ ਅੱਗੇ ਕੌਣ ਹੋਵੇ। ਅਤਾਈ ਖਾਂ ਦੇ ਡਰ ਤੋਂ ਜਮਾਲ ਖਾਂ ਅੱਗੇ ਵਧਿਆ। ਬਾਬਾ ਜੀ ਦਰਬਾਰ ਸਾਹਿਬ ਵਲ ਵਧ ਰਹੇ ਸਨ। ਜਮਾਲ ਖਾਂ ਬਾਬਾ ਜੀ ਦੇ ਨੇੜੇ ਆਇਆ, ਵਾਰ ਕੀਤਾ। ਬਾਬਾ ਜੀ ਨੇ ਖੰਡੇ ਨਾਲ ਰੋਕ ਲਿਆ। ਬਾਬਾ ਜੀ ਨੇ ਖੰਡਾ ਘੁਮਾਇਆ। ਜਾਪਿਆ ਜਿਵੇਂ ਅਸਮਾਨੋਂ ਡਿੱਗਦੀ ਬਿਜਲੀ ਦੀ ਤਾਰ ਹੋਏ। ਝਟਕਾ ਹੋਣ ਦੀ ਆਵਾਜ਼ ਆਈ ਤੇ ਅਗਲੇ ਪਲ ਜਮਾਲ ਖਾਂ ਦਾ ਸਿਰ ਭੁੰਜੇ ਬਾਬਾ ਜੀ ਦੇ ਚਰਨਾ ਵਿਚ ਰਿੜਦਾ ਫਿਰ ਰਿਹਾ ਸੀ। ਸ਼ਾਇਦ ਉਸ ਦੀ ਇਸੇ ਵਿਚ ਮੁਕਤੀ ਸੀ। ਹੁਣ ਕੋਈ ਅਤਾਈ ਖਾਨ ਤਾਂ ਕੀ ਅਤਾਈ ਖਾਨ ਦਾ ਪਿਉ ਵੀ ਖਲੋਤਾ ਨਹੀਂ ਰਹਿ ਸਕਦਾ ਸੀ। ਉਹ ਭੱਜ ਨਿਕਲਿਆ ਤਾਂ ਉਸ ਦੇ ਮਗਰ ਸਾਰੀ ਅਫਗਾਨ ਫੌਜ ਵੀ ਭੱਜ ਗਈ। ਸਿੰਘਾਂ ਅੰਮ੍ਰਿਤਸਰ ਸਾਹਿਬ ਆਜਾਦ ਕਰਵਾ ਲਿਆ ਸੀ। ਰੌਸ਼ਨੀ ਦੇ ਵਣਜਾਰਿਆਂ ਨੇ ਬਦਨੀਅਤ ਪਰਛਾਵੇਂ ਦੂਰ ਕਰ ਦਿੱਤੇ ਸਨ।
ਬਾਬਾ ਜੀ ਹਰਿਮੰਦਰ ਸਾਹਿਬ ਪਰਕਰਮਾ ਵਿਚ ਆਪਣਾ ਸੀਸ ਦੋਹਾਂ ਹੱਥਾਂ ਦੀਆਂ ਤਲੀਆਂ 'ਤੇ ਰੱਖ ਕੇ ਦਰਬਾਰ ਸਾਹਿਬ ਵੱਲ ਭੇਟ ਕਰ ਰਹੇ ਸਨ। ਕੁਝ ਸਿੰਘਾਂ ਦਾ ਇਹ ਕਹਿਣਾ ਵੀ ਸੀ ਕਿ ਬਾਬਾ ਜੀ ਦਾ ਧੜ੍ਹ ਤਾਂ ਰਾਮਸਰ ਕੋਲ ਹੀ ਰਹਿ ਗਿਆ ਸੀ ਤੇ ਸੀਸ ਉਹਨਾਂ ਉੱਥੋਂ ਹੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਨਾਮ ਲੈਂਦਿਆਂ ਪਰਕਰਮਾ ਵੱਲ ਵਗਾਇਆ ਸੀ।
"ਬਾਬਾ ਜੀ ਨੇ ਖੰਡਾ ਕਮਰਕਸੇ ਵਿਚ ਟੰਗਿਆ। ਸੀਸ ਸੱਜੇ ਹੱਥ ਲਿਆ ਤੇ,
‘ਧੰਨ ਧੰਨ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀਓ ਮਹਾਰਾਜ, ਨਿਮਾਨੇ ਸੇਵਕ ਦੀ ਭੇਟ ਪ੍ਰਵਾਨ ਕਰਿਓ' ਆਖਦਿਆਂ ਹਰਿਮੰਦਰ ਸਾਹਿਬ ਪਰਕਰਮਾ ਵੱਲ ਵਗਾਹ ਮਾਰਿਆ"
ਕੋਈ ਕਹੇ, “ਮੈਂ ਬਾਬਾ ਜੀ ਨੂੰ ਸੀਸ ਹੱਥਾਂ ਵਿਚ ਲਈ, ਦਰਬਾਰ ਸਾਹਿਬ ਪਰਕਰਮਾ ਵਿਚ ਮੱਥਾ ਟੇਕਦੇ ਦੇਖਿਆ ਹੈ"
ਕੋਈ ਵੀ ਅਸੱਤ ਨਹੀਂ ਕਹਿ ਰਿਹਾ ਸੀ। ਸਾਰੀਆਂ ਗੱਲਾਂ ਸੱਚ ਸਨ। ਐਸਾ ਕੌਤਕ ਕਰ ਦੇਣ ਵਾਲੇ ਬਾਬਾ ਦੀਪ ਸਿੰਘ ਜੀ ਸ਼ਹਾਦਤ ਤੋਂ ਪਹਿਲਾਂ ਕਈ ਸਿੰਘਾਂ ਨੂੰ ਕਈ ਥਾਈਂ ਦਰਸਨ ਦੇ ਗਏ ਸਨ।