

ਨੂੰ ਇਸ ਖਬਰ ਦੇ ਨਾਲ ਨਾਲ ਇਕ ਹੋਰ ਘਟਨਾ ਬਾਰੇ ਵੀ ਦੱਸਿਆ, ਜਿਸ ਨੂੰ ਸੁਣ ਕੇ ਤੈਮੁਰ ਨੂੰ ਸਣ ਕੱਪੜੀਂ ਅੱਗ ਲੱਗ ਗਈ।
ਸਰਹੰਦ ਤੋਂ ਲਾਹੌਰ ਆ ਰਹੇ ਦੋ ਪਠਾਨ ਸੈਨਾਪਤੀਆਂ ਨੂੰ ਕਰਤਾਰਪੁਰ ਦੀ ਹੱਦ ਵਿਚ ਕਿਸੇ ਨੇ ਮਾਰ ਦਿੱਤਾ ਸੀ ਤੇ ਸ਼ੱਕ ਦੀ ਸੂਈ ਸਿੱਧੀ ਸਿਖਾਂ ਵੱਲ ਗਈ। ਤੈਮੂਰ ਨੇ ਅਬਦਾਲੀ ਦੇ ਕਹਿਨ 'ਤੇ ਨਾਸਰ ਅਲੀ ਨੂੰ ਜਲੰਧਰ ਦਾ ਸੂਬਾ ਨਿਯੁਕਤ ਕੀਤਾ ਤੇ ਨਾਲ ਹੀ ਹਦਾਇਤ ਕਰ ਦਿੱਤੀ ਕਿ ਸਿਖਾਂ ਨੂੰ ਖਤਮ ਕਰਨ ਵਿਚ ਆਪਣੀ ਪੂਰੀ ਵਾਹ ਲਾ ਦੇਵੇ।
ਪਹਾੜਾਂ ਵਿਚ ਭਟਕਦੇ ਫਿਰਦੇ ਅਦੀਨਾ ਬੇਗ ਦੀ ਹੁਣ ਕੋਈ ਵਾਹ ਨਹੀਂ ਚੱਲ ਰਹੀ ਸੀ। ਸਿਖਾਂ ਨਾਲ ਉਹ ਵਿਗਾੜਨਾ ਨਹੀਂ ਚਾਹੁੰਦਾ ਸੀ ਤੇ ਅਫਗਾਨਾਂ ਨਾਲ ਟੱਕਰ ਲੈਣ ਦੀ ਉਸ ਵਿਚ ਸਮਰਥਾ ਨਹੀਂ ਸੀ। ਅਦੀਨੇ ਨੂੰ ਦੁਬਿਧਾ ਵਿਚ ਦੇਖ ਕੇ ਇਕ ਸਿਖ, ਜੋ ਅਦੀਨੇ ਦੀ ਫੌਜ ਵਿਚ ਨੌਕਰੀ ਕਰਦਾ ਸੀ, ਕੋਲ ਆਇਆ ਤੇ ਬੋਲਿਆ,
“ਸੁਬੇਦਾਰ ਸਾਹਬ, ਜੇ ਤੁਸੀਂ ਕਿਸੇ ਤਰ੍ਹਾਂ ਬਾਬਾ ਵਡਭਾਗ ਸਿੰਘ ਤੀਕ ਪੁੱਜ ਜਾਓ ਤੇ ਵਾਸਤਾ ਪਾਓ ਤਾਂ ਉਹ ਜਰੂਰ ਤੁਹਾਡੀ ਮਦਦ ਕਰਨਗੇ। ਉਹ ਆਪ ਇਹਨਾਂ ਅਫਗਾਨਾਂ ਦੇ ਸਤਾਏ ਹੋਏ ਹਨ ਤੇ ਇਹਨਾਂ ਪਹਾੜਾਂ ਵਿਚ ਹੀ ਕਿਤੇ ਡੇਰਾ ਕਰੀ ਬੈਠੇ ਹਨ। ਉਹਨਾਂ ਕੋਲ ਫੌਜ ਵੀ ਕਾਫੀ ਹੈ। ਨਾਲ ਹੀ ਉਹਨਾਂ ਦਾ ਸਿਖਾਂ ਵਿਚ ਵੀ ਰਸੂਖ ਹੈ ਤੇ ਉਹ ਮਦਦ ਲਈ ਖਾਲਸੇ ਨੂੰ ਚਿੱਠੀ ਘਲਾ ਸਕਦੇ ਹਨ "
ਇਹ ਸੁਣਦਿਆਂ ਅਦੀਨਾ ਬੇਗ ਦੇ ਚਿਹਰੇ 'ਤੇ ਰੌਣਕ ਆ ਗਈ। ਉਹ ਚਾਹੁੰਦਾ ਵੀ ਸੀ ਕਿ ਕਿਸੇ ਤਰ੍ਹਾਂ ਇਹ ਖਬਰ ਸਿਖਾਂ ਤੀਕ ਪਹੁੰਚ ਜਾਵੇ ਕਿ ਅਦੀਨਾ ਬੇਗ ਨੇ ਸਿਖਾਂ ਨੂੰ ਮਾਰਨ ਦੀ ਥਾਂ ਦੁਆਬੇ ਦੀ ਸੂਬੇਦਾਰੀ ਨੂੰ ਠੋਕਰ ਮਾਰ ਦਿੱਤੀ ਹੈ। ਭੱਜਿਆ ਫੇਰ ਭਾਵੇਂ ਉਹ ਆਪਣੇ ਕਿਸੇ ਸਵਾਰਥ ਜਾਂ ਡਰੋਂ ਹੀ ਸੀ। ਅਦੀਨੇ ਨੇ ਉਸ ਸਿਖ ਨੂੰ ਆਪਣਾ ਵਕੀਲ ਬਣਾ ਕੇ ਬਾਬਾ ਵਡਭਾਗ ਸਿੰਘ ਵੱਲ ਘੱਲਿਆ, "ਤੂੰ ਉਹਨਾਂ ਨੂੰ ਕਹੀਂ ਕਿ ਜੇ ਉਹ ਸਾਡੀ ਮਦਦ ਲਈ ਮੰਨ ਜਾਣ ਤਾਂ ਮੈਂ ਹਰ ਪ੍ਰਕਾਰ ਦੀ ਸਹਾਇਤਾ ਕਰਨ ਲਈ ਤਿਆਰ ਹਾਂ। ਸਿਖ ਫੌਜਾਂ ਲਈ ਗੋਲਾ ਬਾਰੂਦ ਤੇ ਰਸਦ ਦਾ ਪ੍ਰਬੰਧ ਮੈਂ ਆਪਣੇ ਸਿਰੋਂ ਕਰਾਂਗਾ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਤੋਟ ਨਹੀਂ ਆਵੇਗੀ। ਤੂੰ ਉਹਨਾਂ ਨੂੰ ਲੱਭ ਤੇ ਜਲਦੀ ਨਾਲ ਸਾਡਾ ਸੁਨੇਹਾਂ ਪੁਚਾ..." ਕਹਿੰਦਿਆਂ ਅਦੀਨੇ ਨੇ ਸਿੱਖ ਨੂੰ ਵਿਦਾ ਕੀਤਾ।