Back ArrowLogo
Info
Profile

"ਇਹ ਬਾਬਾ ਵਡਭਾਗ ਸਿੰਘ ਉਹੀ ਧੌਲੀ ਧਾਰ ਵਾਲੇ ਬਾਬਾ ਵਡਭਾਗ ਸਿੰਘ ਸਨ?", ਦਰਬਾਰਾ ਸਿੰਘ ਬਾਬੇ ਭੰਗੂ ਵੱਲ ਤੱਕਦਿਆ ਬੋਲਿਆ।

"ਬਿਲਕੁਲ ਉਹੀ ਬਾਬਾ ਵਡਭਾਗ ਸਿੰਘ।"

"ਉਹਨਾਂ ਨਾਲ ਵੀ ਪਠਾਨਾ ਦੀਆਂ ਝੜਪਾਂ ਹੋਈਆਂ ਸਨ... ਕੀ ਉਹ ਵੀ ਪਹਾੜਾਂ ਵਿਚ ਅਫਗਾਨਾ ਕਰਕੇ ਗਏ ਸਨ?"

"ਹਾਂ ਬਿਲਕੁਲ... ਤੁਸੀਂ ਪਹਿਲਾਂ ਫੇਰ ਉਹਨਾਂ ਦੇ ਪਹਾੜਾਂ ਵਿਚ ਜਾਣ ਦਾ ਕਿੱਸਾ ਹੀ ਸੁਣ ਲਵੋ", ਬਾਬਾ ਭੰਗੂ ਬੋਲਿਆ।

ਨਾਸਰ ਅਲੀ ਨੂੰ ਜਦ ਜਲੰਧਰ ਦਾ ਸੂਬਾ ਥਾਪਿਆ ਗਿਆ ਤਾਂ ਸਿਖਾਂ ਨੇ ਕਈ ਥਾਈਂ ਉਸ ਦੀਆਂ ਫੌਜਾਂ ਤੋਂ ਘੋੜੇ ਤੇ ਸ਼ਸਤਰ ਖੋਹ ਲਏ। ਕਈਂ ਥਾਈਂ ਜਲੰਧਰ ਵਿਚ ਸਰਕਾਰੀ ਮਾਲ ਭੰਡਾਰਾਂ ਵਿਚੋਂ ਰਸਦ ਵੀ ਲੁੱਟਿਆ। ਨਾਸਰ ਅਲੀ ਨੂੰ ਕਿਸੇ ਨੇ ਦੱਸਿਆ ਕਿ ਕਰਤਾਰਪੁਰ ਡੇਰੇ ਵਾਲਾ ਬਾਬਾ ਵਡਭਾਗ ਸਿੰਘ, ਸਿੰਘਾਂ ਨਾਲ ਹਮਦਰਦੀ ਰੱਖਦਾ ਹੈ ਤੇ ਉਹਨਾਂ ਦੀ ਮਦਦ ਵੀ ਕਰਦਾ ਹੈ।

ਨਾਸਰ ਅਲੀ ਤਾਂ ਪਹਿਲਾਂ ਹੀ ਦੋ ਅਫਗਾਨ ਸੈਨਾਪਤੀਆਂ ਦੇ ਕਰਤਾਰਪੁਰ ਵਿਚ ਮਾਰੇ ਜਾਣ 'ਤੇ ਔਖਾ ਸੀ ਤੇ ਹੁਣ ਤਾਂ ਉਸ ਨੂੰ ਸਗੋਂ ਹੋਰ ਬਹਾਨਾ ਮਿਲ ਗਿਆ ਸੀ। ਸੋ ਉਸ ਨੇ ਕਰਤਾਰਪੁਰ 'ਤੇ ਚੜਾਈ ਕਰਨ ਦਾ ਨਿਰਣਾ ਕੀਤਾ। ਉਸ ਨੇ ਆਪਣੇ ਖਾਸ ਹਜ਼ਾਰ ਕੁ ਘੋੜਸਵਾਰਾਂ ਦੀ ਟੁਕੜੀ ਤਿਆਰ ਕੀਤੀ ਤੇ ਕਰਤਾਰਪੁਰ ਵੱਲ ਕੂਚ ਕਰ ਦਿੱਤਾ।

ਬਾਬਾ ਵਡਭਾਗ ਸਿੰਘ ਇਸ ਲੜਾਈ ਲਈ ਬਿਲਕੁਲ ਤਿਆਰ ਨਹੀਂ ਸਨ। ਸੋ ਉਹਨਾਂ ਨੇ ਕੁਝ ਚਿਰ ਤਾਂ ਡਟ ਕੇ ਮੁਕਾਬਲਾ ਕੀਤਾ, ਪਰ ਮਗਰੋਂ ਪਿੱਛੇ ਹਟ ਜਾਣ ਵਿਚ ਹਿੱਤ ਜਾਣਿਆਂ, ਕਿਉਂਕਿ ਉਹਨਾਂ ਦੇ ਨਾਲ ਕਈ ਬਾਲ ਬੱਚਿਆਂ ਵਾਲੇ ਪਰਿਵਾਰ ਵੀ ਸਨ।

ਉਹਨਾਂ ਦੇ ਚਲੇ ਜਾਣ ਮਗਰੋਂ ਨਾਸਰ ਦੀਨ ਨੇ ਗੁਰਦੁਆਰਾ ਥੰਮ ਸਾਹਿਬ ਨੂੰ ਅੱਗ ਲਾ ਕੇ ਸਾੜ ਦਿੱਤਾ ਤੇ ਉੱਥੇ ਗਊਆਂ ਹਲਾਲ ਕੀਤੀਆਂ। ਕੁਝ ਹਿੰਦੂ ਪਰਿਵਾਰ, ਜੋ ਉੱਥੇ ਰਹਿ ਗਏ ਸਨ, ਉਹਨਾਂ ਦੀਆਂ ਤੀਵੀਆਂ ਦੀ ਬੇਪਤੀ ਕੀਤੀ ਤੇ ਜਬਰੀ ਮੁਸਲਮਾਨਾਂ ਨਾਲ ਨਿਕਾਹ ਪੜ੍ਹਵਾਏ ਗਏ। ਬਾਬਾ ਵਡਭਾਗ ਸਿੰਘ ਇਹ ਸੁਣ ਕੇ ਬਹੁਤ ਰੋਹ ਵਿਚ ਆ ਗਏ ਤੇ ਕਿਸੇ ਵੀ ਤਰ੍ਹਾਂ ਅਫਗਾਨਾਂ ਤੋਂ ਬਦਲਾ ਲੈਣ ਦੀ ਵਿਉਂਤ ਘੜ੍ਹਨ ਲੱਗੇ।

104 / 351
Previous
Next