

ਖਾਲਸਾ ਛਿਣ ਭੰਗਰ ਜਾਣਦਾ ਹੈ। ਖਾਲਸੇ ਦੀ ਸਲਤਨਤ ਸਦੀਵੀ ਹੈ " ਬਾਬਾ ਜੀ ਦੇ ਢਾਰਸ ਦੇਣ 'ਤੇ ਅਦੀਨੇ ਨੂੰ ਕੁਝ ਸੁਖ ਦਾ ਸਾਹ ਆਇਆ।
"ਅਦੀਨਾ ਬੇਗ ਨੇ ਭਾਵੇਂ ਬਹੁਤ ਵਾਰ ਸਾਡੇ 'ਤੇ ਵਧੀਕੀਆਂ ਕੀਤੀਆਂ ਨੇ, ਪਰ ਕਈ ਵਾਰ ਲੋੜ ਪੈਣ 'ਤੇ ਕੰਮ ਵੀ ਆਉਂਦਾ ਰਿਹਾ ਹੈ। ਖਾਲਸਾ ਉਸ ਨੂੰ ਜਲੰਧਰ ਲੈ ਕੇ ਦੇਵੇਗਾ, ਉਹ ਸੂਬੇਦਾਰ ਬਣੇਗਾ ਤਾਂ ਪੰਥ ਦਾ ਅਹਿਸਾਨ ਵੀ ਮੰਨੇਗਾ। ਨਾਲੇ ਸ਼ਰਨ ਆਇਆਂ ਨੂੰ ਕੰਠ ਲਾਉਣਾ ਤਾਂ ਖਾਲਸੇ ਦੀ ਤਵਾਰੀਖ ਹੈ। ਉਂਝ ਵੀ ਅਸੀਂ ਤਾਂ ਬਾਬਾ ਵਡਭਾਗ ਸਿੰਘ ਦੇ ਕਹਿਨ 'ਤੇ ਆਏ ਹਾਂ... ਸਾਡਾ ਮਕਸਦ ਤਾਂ ਸ੍ਰੀ ਥੰਮ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦਾ ਸੋਧਾ ਲਾਉਣਾ ਹੈ...", ਬਾਬਾ ਸ਼ਾਮ ਸਿੰਘ ਨੇ ਸਿੰਘਾਂ ਨੂੰ ਸਮਝਾਉਂਦਿਆਂ ਕਿਹਾ।
"ਮੈਂ ਤਾਂ ਖਾਲਸੇ ਦੀ ਗਊ ਹਾਂ, ਮਾਰੇ ਚਾਹੇ ਝਟਕਾ ਦੇਵੇ। ਜੇ ਤੁਸੀਂ ਏਸ ਬਿਪਤਾ ਵੇਲੇ ਮੇਰੀ ਬਾਂਹ ਨਾ ਫੜ੍ਹੀ ਤਾਂ ਮੈਂ ਹੋਰ ਕਿਹੜੇ ਦਰ 'ਤੇ ਜਾਵਾਂਗਾ। ਦੁਸ਼ਮਨ ਦੀਆਂ ਤੋਪਾਂ, ਜੰਬੂਰੇ ਤਾਂ ਮੇਰਾ ਤੂੰਬਾ ਤੂੰਬਾ ਕਰਨ ਲਈ ਕਾਹਲੇ ਹਨ। ਬਸ ਖਾਲਸੇ ਦੀ ਮਿਹਰ ਦੀ ਨਿਗਾਹ ਨਾਲ ਹੀ ਬਚ ਸਕਦਾ ਹਾਂ...", ਖਾਲਸੇ ਦੇ ਦਲਾਂ ਵਿਚ ਆਉਂਦਾ ਅਦੀਨਾ ਬੇਗ ਬੋਲਿਆ।
"ਤੁਸੀਂ ਡਰੋ ਨਾ ਬੇਗ ਸਾਹਬ, ਇਹ ਬਚਨ ਪਾਲਣ ਵਾਲਿਆਂ ਦਾ ਪੰਥ ਹੈ। ਪਰ ਖਾਲਸਾ ਦਲ ਅੱਗੇ ਮੁਸ਼ਕਲ ਇਹ ਆਣ ਖਲੋਤੀ ਹੈ ਕਿ ਤੁਰਕ ਤਾਂ ਤੁਰਕ ਨੇ, ਭਾਵੇਂ ਤੁਸੀਂ ਮੁਗਲ ਤੇ ਭਾਵੇਂ ਉਹ ਪਠਾਨ। ਰਹਿਣ ਸਹਿਣ, ਕਾਰ ਵਿਹਾਰ, ਪੁਸ਼ਾਕ ਪਹਿਰਾਵਾ, ਸ਼ਕਲ ਸੂਰਤਾਂ ਸਭ ਇਕੋ। ਸਿੰਘਾਂ ਨੂੰ ਕਿਵੇਂ ਪਤਾ ਲੱਗੇਗਾ ਕਿਹੜਾ ਤੁਹਾਡਾ ਮੁਗਲ ਸਿਪਾਹੀ ਹੈ ਤੇ ਕਿਹੜਾ ਦੁਰਾਨੀ ਪਠਾਨ। ਸੋ ਖਾਲਸਈ ਤੇਗਾਂ ਦੀ ਭੇਟਾ ਜੰਗ ਵਿਚ ਤੁਹਾਡੇ ਫੌਜੀ ਵੀ ਚੜ੍ਹ ਸਕਦੇ ਹਨ...", ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਥੋੜਾ ਮਜ਼ਾਕੀਆ ਲਹਿਜ਼ੇ ਵਿਚ ਬੋਲੇ। ਅਦੀਨੇ ਨਾਲ ਰਹੇ ਹੋਣ ਕਰਕੇ ਰਾਮਗੜੀਏ ਸਰਦਾਰ ਉਸਦੇ ਭੇਤੀ ਵੀ ਸਨ।
"ਬਖਸ਼ੋ ਖਾਲਸਾ ਜੀ... ਮੈਨੂੰ ਇਸ ਮੁਸੀਬਤ ਵਿਚੋਂ ਕੱਢੋ... ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ...", ਹੱਥ ਜੋੜਦਾ ਅਦੀਨਾ ਬੋਲਿਆ।
"ਆਹੋ ਪੰਜਾਹ ਵਾਰ ਤੁਹਾਡੇ ਇਹ ਮੁਗਲ ਸਿਪਾਹੀ ਸਾਡੇ 'ਤੇ ਚੜ੍ਹ ਕੇ ਆਏ ਹਨ। ਚਲੋ ਕਦੇ ਸਿੰਘ ਤੁਹਾਡੇ ਅਤੇ ਉਹਨਾਂ ਵਿਚ ਫਰਕ ਕਰ ਵੀ ਲੈਣ, ਪਰ ਸਾਡੀਆਂ ਤੇਗਾਂ ਦਾ ਕੀ ਕਰੀਏ.. ? ਮੁਗਲਾਂ ਨਾਲ ਕਿਹੜਾ ਸਾਡੇ ਸ਼ਸਤਰਾਂ ਦਾ ਭਰੱਪਾ ਹੈ, ਜੋ ਜੰਗ ਦੇ ਮੈਦਾਨ ਵਿਚ ਸਾਡੀਆਂ ਭਗੋਤੀਆਂ ਇਹਨਾਂ ਨੂੰ ਪਛਾਣ