Back ArrowLogo
Info
Profile

ਦੁਰਾਨੀਆਂ ਨੂੰ ਤਾਂ ਘੋੜਿਆਂ ਦੀਆਂ ਰਕਾਬਾਂ ਵਿਚ ਪੈਰ ਪਾਉਣ ਦਾ ਸਮਾ ਨਾ ਮਿਲਿਆ, ਸੋ ਉਹ ਘੋੜੇ ਛੱਡ ਪੈਦਲ ਹੀ ਦੌੜ ਗਏ।

ਓਧਰ ਜਲੰਧਰ ਵਿਚ ਵੀ ਭਾਜੜ ਪੈ ਗਈ ਸੀ ਕਿ ਸਿੰਘ ਸ਼ਹਿਰ ਲੁੱਟਣ ਲਈ ਆ ਰਹੇ ਹਨ। ਏਸ ਤੋਂ ਪਹਿਲਾਂ ਕਿ ਇਸ ਅਫਰਾ ਤਫਰੀ ਵਿਚ ਜਲੰਧਰ ਆਪਣੇ ਆਪ ਨੂੰ ਕੁਝ ਸੰਭਾਲਦਾ, ਬੁੱਢਾ ਦਲ ਸ਼ਹਿਰ ਦੀਆਂ ਬਰੂਹਾਂ 'ਤੇ ਆ ਚੁੱਕਾ ਸੀ। ਬਾਹਰਲੀਆਂ ਬਸਤੀਆਂ ਲੁੱਟ ਕੇ ਉਹਨਾਂ ਸ਼ਹਿਰ ਦਾ ਰੁਖ ਕੀਤਾ।

ਸ਼ਹਿਰ ਦੇ ਤੁਰਕ ਇਕੱਠੇ ਹੋ ਕੇ ਅਦੀਨਾ ਬੇਗ ਕੋਲ ਆ ਫਰਿਆਦ ਕਰਨ ਲੱਗੇ,

"ਜੇ ਰੋਕ ਸਕਦੇ ਹੋ ਤਾਂ ਸਿੰਘਾਂ ਨੂੰ ਰੋਕੋ ਨਵਾਬ ਸਾਹਬ। ਸਾਡੇ ਕੋਲ ਕਰੋੜਾਂ ਰੁਪਈਆ ਹੈ, ਹੁਣੇ ਤੁਹਾਡੇ ਅੱਗੇ ਢੇਰ ਕਰ ਦਿੰਦੇ ਹਾਂ, ਪਰ ਸ਼ਹਿਰ ਨੂੰ ਲੁੱਟਣੋ ਬਚਾਓ...

ਅਦੀਨਾ ਬੇਗ ਨੇ ਇਕ ਗੁਪਤ ਸੰਦੇਸ਼ ਬਾਬਾ ਜੱਸਾ ਸਿੰਘ ਆਹਲੂਵਾਲੀਆ ਵੱਲ ਭੇਜਿਆ,

"ਖਾਲਸਾ ਜੀ, ਜੇ ਪੰਥ ਜਲੰਧਰ ਨੂੰ ਬਖਸ਼ ਦੇਵੇ ਤਾਂ ਸ਼ਹਿਰ ਵਾਸੀ ਕਰੋੜਾਂ ਰੁਪਈਆ ਨਕਦ ਦੇਣ ਲਈ ਤਿਆਰ ਹਨ।"

"ਗੱਲ ਕਰੋੜਾਂ ਰੁਪਈਏ ਦੀ ਨਹੀਂ ਅਦੀਨਾ ਬੇਗ, ਇਹਨਾਂ ਨੂੰ ਤਾਂ ਖਾਲਸਾ ਛਿੱਲੜ ਜਾਣਦਾ ਹੈ। ਗੱਲ ਤਾਂ ਅਫਗਾਨਾ ਤੀਕ ਇਹ ਸੁਨੇਹਾਂ ਪੁਚਾਉਣ ਦੀ ਹੈ ਕਿ ਇਹ ਦੇਸ ਸਾਡਾ ਹੈ। ਪੰਜਾਬ ਵਿਚ ਅਸੀਂ ਕਿਸੇ ਵਿਦੇਸ਼ੀ ਧਾੜਵੀ ਦੇ ਪੈਰ ਨਹੀਂ ਲੱਗਣ ਦਿਆਂਗੇ। ਬਾਕੀ ਅਸੀਂ ਬਾਬਾ ਵਡਭਾਗ ਸਿੰਘ ਨਾਲ ਸਲਾਹ ਕਰਕੇ ਦੱਸਦੇ ਹਾਂ। ", ਬਾਬਾ ਜੱਸਾ ਸਿੰਘ ਦਾ ਅਦੀਨਾ ਬੇਗ ਨੂੰ ਵਾਪਸ ਸੁਨੇਹਾਂ ਆਇਆ।

ਬਾਬਾ ਵਡਭਾਗ ਸਿੰਘ ਵੱਲ ਹਲਕਾਰਾ ਭੇਜਿਆ ਗਿਆ। ਉਹਨਾਂ ਨੇ ਸਿੰਘਾਂ ਨੂੰ ਥੰਮ ਸਾਹਿਬ ਦੀ ਬੇਅਦਬੀ ਚੇਤੇ ਕਰਵਾਈ ਤੇ ਕਿਹਾ,

"ਇਹ ਕਿੱਥੋਂ ਲੈ ਕੇ ਆਏ ਹਨ ਕਰੋੜਾਂ ਰੁਪਈਆ ਖਾਲਸਾ ਜੀ। ਏਥੋਂ ਸਾਡੇ ਲੋਕਾਂ ਤੋਂ ਸਾਡੇ ਦੇਸ ਵਿਚੋਂ ਹੀ ਲੁੱਟਿਆ ਹੈ। ਇਹਨਾਂ 'ਤੇ ਕੋਈ ਰਹਿਮ ਨਹੀਂ। ਅਸੀਂ ਜਲੰਧਰ ਜਰੂਰ ਲੁੱਟਾਂਗੇ ਤਾਂ ਕਿ ਅਫਗਾਨਾ ਨੂੰ ਅੱਗੇ ਲਈ ਕੰਨ ਹੋ ਸਕਣ। ਜਲੰਧਰ ਨੂੰ ਕਤਲ ਕੀਤੇ ਬਗੈਰ ਸਾਨੂੰ ਸ਼ਾਂਤੀ ਨਹੀਂ ਮਿਲਣੀ। ਅੱਜ ਇਹਨਾਂ ਥੰਮ ਸਾਹਿਬ ਨੂੰ ਨੁਕਸਾਨ ਪੁਚਾਇਆ ਹੈ, ਕੱਲ ਨੂੰ ਅੰਮ੍ਰਿਤਸਰ ਵੱਲ ਮੂੰਹ ਕਰਨਗੇ..."

116 / 351
Previous
Next