

ਬਾਬਾ ਜੀ ਦਾ ਸੁਨੇਹਾਂ ਸੁਣ ਕੇ ਖਾਲਸੇ ਨੇ ਨਗਾਰਿਆਂ 'ਤੇ ਮੁੜ ਚੋਟ ਲਾ ਦਿੱਤੀ । ਪਹਿਲਾਂ ਤਾਂ ਸਿਰਫ ਸਿੰਘਾਂ ਜਲੰਧਰ ਉੱਤੇ ਹੱਲਾ ਬੋਲਿਆ ਸੀ, ਐਤਕੀ ਬਾਬਾ ਵਡਭਾਗ ਸਿੰਘ ਦਾ ਲਸ਼ਕਰ ਤੇ ਅਦੀਨਾ ਬੇਗ ਵੀ ਉਹਨਾਂ ਦੇ ਨਾਲ ਹੋ ਤੁਰੇ।
ਅਦੀਨਾ ਬੇਗ ਨੂੰ ਤਾਂ ਇਹ ਡਰ ਵੀ ਸੀ ਕਿ ਜੇ ਕਿਤੇ ਸਿੰਘ ਇਕੱਲੇ ਜਲੰਧਰ ਲੁੱਟਣ ਚੜ੍ਹ ਗਏ ਤਾਂ ਉਸ ਦੇ ਹੱਥ ਕੁਝ ਨਹੀਂ ਲੱਗਣਾ। ਸੋ ਵਗਦੀ ਗੰਗਾ ਵਿਚ ਉਹ ਵੀ ਹੱਥ ਧੋਣੇ ਚਾਹੁੰਦਾ ਸੀ।
ਸਿੰਘਾਂ ਨੇ ਜਲੰਧਰ ਬੈਠੇ ਪਠਾਨਾ ਦੇ ਆਹੂ ਲਾਹ ਸੁੱਟੇ। ਜੇ ਕੋਈ ਬੋਦੀ ਵਾਲਾ ਮੂਹਰੇ ਆਇਆ ਤਾਂ ਬਖਸ਼ਿਆ ਗਿਆ, ਨਹੀਂ ਤਾਂ ਬਾਕੀ ਸਭ ਦੇ ਸਿਰ ਸ਼ਹਿਰ ਦੀਆਂ ਗਲੀਆਂ ਵਿਚ ਰੁਲਦੇ ਫਿਰਦੇ ਸਨ। ਇਹ ਕਤਲੇਆਮ ਬਾਬਾ ਵਡਭਾਗ ਸਿੰਘ ਦੇ ਜੱਥੇ ਨੇ ਮਚਾਇਆ। ਨਾਸਰ ਅਲੀ ਦੀ ਕਬਰ ਲੱਭੀ ਗਈ। ਬਾਬਾ ਵਡਭਾਗ ਸਿੰਘ ਨੇ ਕਬਰ ਪਟਵਾਈ ਤੇ ਵਿਚੋਂ ਨਾਸਰ ਅਲੀ ਦੀ ਲਾਸ਼ ਕੱਢ ਕੇ ਆਪਣੇ ਮੁਰੀਦਾਂ ਕੋਲੋਂ ਸੜਵਾਈ। ਨਾਸਰ ਅਲੀ ਪ੍ਰਤੀ ਗੁੱਸਾ ਉਹਨਾਂ ਅੰਦਰ ਏਨਾ ਸੀ ਕਿ ਫੂਕਣ ਤੋਂ ਪਹਿਲਾਂ ਸੂਰ ਦਾ ਮਾਸ ਨਾਸਰ ਅਲੀ ਦੇ ਮੂੰਹ ਵਿਚ ਤੁੰਨਿਆਂ ਗਿਆ।
ਬਾਬਾ ਵਡਭਾਗ ਸਿੰਘ ਦੇ ਮੁਰੀਦਾਂ ਵਿਚ ਕੁਝ ਮੁਸਲਮਾਨ ਵੀ ਸਨ, ਜੋ ਸਿਖ ਹੋ ਗਏ ਸਨ। ਉਹਨਾਂ ਮੁਰੀਦਾਂ ਨਾਲ ਪਠਾਨੀਆਂ ਦੇ ਵਿਆਹ ਕੀਤੇ ਗਏ।
ਏਧਰ ਖਾਲਸੇ ਨੇ ਜਲੰਧਰ ਸ਼ਹਿਰ ਨੇਸਤੋ ਨਾਬੂਦ ਕਰ ਦਿੱਤਾ। ਸਭ ਸ਼ਾਂਤ ਹੋ ਜਾਣ ਮਗਰੋਂ ਅਦੀਨਾ ਬੇਗ ਪੰਥ ਅੱਗੇ ਪੇਸ਼ ਹੋਇਆ। ਇਕ ਲੱਖ ਰੁਪਈਆ ਉਸ ਨੇ ਖਾਲਸੇ ਦੀ ਨਜ਼ਰ ਕੀਤਾ ਤੇ ਇਕ ਹਜ਼ਾਰ ਦਾ ਕੜਾਹ ਪ੍ਰਸਾਦਿ ਅਰਦਾਸ ਲਈ ਭੇਟ ਕੀਤਾ। ਖਾਲਸੇ ਨੇ ਇਕ ਲੱਖ ਰੁਪਈਆ ਬਾਬਾ ਸ਼ਾਮ ਸਿੰਘ ਨੂੰ ਸੌਂਪ ਦਿੱਤਾ। ਅਦੀਨਾ ਬੇਗ ਨੇ ਬਾਬਾ ਸ਼ਾਮ ਸਿੰਘ ਜੀ ਦੇ ਪੈਰ ਛੂਹ ਕੇ ਨਮਸਕਾਰ ਕੀਤੀ।
ਅਰਦਾਸ ਉਪਰੰਤ ਕੜਾਹ ਪ੍ਰਸਾਦਿ ਵਰਤਾਇਆ ਗਿਆ। ਪ੍ਰਸਾਦਿ ਮੂੰਹ ਵਿਚ ਪਾਉਂਦਿਆਂ ਅਦੀਨਾ ਬੇਗ,
"ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ"
ਬੋਲ ਰਿਹਾ ਸੀ।
"ਸਚਮੁੱਚ ਇਹ ਪ੍ਰਸਾਦਿ ਗੁਰੂ ਨਾਨਕ ਜੀ ਬਹਿਸ਼ਤਾਂ ਤੋਂ ਲੈ ਕੇ ਆਏ ਹਨ। ਇਸ ਦੇ ਤੁਲ ਦੁਨੀਆਂ ਦਾ ਕੋਈ ਪ੍ਰਸਾਦਿ ਨਹੀਂ। ਕੁਲ ਦੁਨੀਆਂ ਦੇ ਸਵਾਦ ਇਸ ਕੜਾਹ ਪ੍ਰਸਾਦਿ ਅੱਗੇ ਝੁਕ ਝੁਕ ਕੇ ਸਲਾਮ ਕਰਦੇ ਹਨ "