

ਸਿੰਘ ਮਰਹਟੇ ਰਹੈਂ ਘੂਰਮਘੂਰੀ॥
ਜਲੰਧਰ ਜਦ ਖਾਲਸੇ ਦੇ ਕਦਮਾਂ ਵਿਚ ਝੁਕ ਗਿਆ ਤਾਂ ਸਭ ਸਿਰ ਕੱਢਵੇਂ ਪਠਾਨ ਸਰਦਾਰ ਤੇ ਸੂਬੇਦਾਰ ਵੱਖ ਵੱਖ ਪਾਸੀਂ ਤਿੱਤਰ ਬਿੱਤਰ ਹੋ ਗਏ। ਤੈਮੂਰ ਨੂੰ ਖਬਰ ਪਹੁੰਚੀ ਤਾਂ ਉਹ ਬਹੁਤ ਤੜਫਿਆ। ਉਸ ਨੇ ਉਬੈਦੁੱਲਾ ਖਾਨ ਦੀ ਅਗਵਾਈ ਵਿਚ ਫੋਰਨ ਪੱਚੀ ਹਜ਼ਾਰ ਘੋੜਸਵਾਰ ਫੌਜ ਖਾਲਸੇ ਨੂੰ ਕੁਚਲਣ ਲਈ ਭੇਜੀ। ਪਰ ਸਿੰਘਾਂ ਨੂੰ ਤੈਮੂਰ ਦੇ ਭੇਜੇ ਇਸ ਲਸ਼ਕਰ ਦੀ ਖਬਰ ਹੋ ਗਈ। ਸਿੰਘਾਂ ਨੇ ਬਿਆਸ ਦੇ ਏਧਰਲੇ ਪਾਸੇ ਮੋਰਚੇ ਮੱਲ ਲਏ।
"ਅਸੀਂ ਆਪਣੀ ਖਬਰ ਪਠਾਨਾ ਨੂੰ ਨਹੀਂ ਲੱਗਣ ਦੇਣੀ ਖਾਲਸਾ ਜੀ, ਜਦ ਹੀ ਉਹ ਬਿਆਸ ਪਾਰ ਕਰਨਗੇ ਫੇਰ ਅਸੀਂ ਸਾਹਮਣੇ ਆਵਾਂਗੇ". ਸਰਦਾਰ ਚੜ੍ਹਤ ਸਿੰਘ ਸਾਥੀ ਸਰਦਾਰਾਂ ਨੂੰ ਬੋਲੇ।
ਸਿੰਘਾਂ ਦੀ ਨੀਤੀ ਸੀ ਕਿ ਇਕ ਦਮ ਅਫਗਾਨ ਸੈਨਾ 'ਤੇ ਟੁੱਟ ਪੈਣਗੇ ਤੇ ਉਹਨਾਂ ਦੇ ਪੈਰ ਉਖੇੜ ਦੇਣਗੇ।
ਜਿਉਂ ਹੀ ਤੈਮੂਰ ਦੀ ਭੇਜੀ ਫੌਜ ਨੇ ਬਿਆਸ ਦਰਿਆ ਪਾਰ ਕੀਤਾ ਤਾਂ ਇਕ ਦਮ ਸਿੰਘਾਂ ਨੇ ਹੱਲਾ ਬੋਲ ਦਿੱਤਾ। ਅਫਗਾਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹਨਾਂ ਨੇ ਤਾਂ ਸੋਚਿਆ ਸੀ ਕਿ ਸਿੰਘਾਂ ਨਾਲ ਜਲੰਧਰ ਪਹੁੰਚ ਕੇ ਟੱਕਰ ਹੋਵੇਗੀ ਤੇ ਜਲੰਧਰ ਹਜੇ ਬਹੁਤ ਦੂਰ ਸੀ। ਅਵੇਸਲੀ ਅਫਗਾਨ ਫੌਜ ਅਵਾਕ ਖੜੋਤੀ ਰਹਿ ਗਈ। ਜਿਉਂ ਜਿਉਂ ਸਿਖ ਦਲ ਅੱਗੇ ਵਧਨ ਲੱਗਾ, ਅਫਗਾਨ ਪਿਛਾਂਹ ਨੂੰ ਖਿਸਕਣ ਲੱਗੇ। ਇਸ ਜੰਗ ਵਿਚ ਅਬਦਾਲੀ ਦੀ ਸੈਨਾ ਲੜ੍ਹ ਕੇ ਘੱਟ ਤੇ ਦਰਿਆ ਵਿਚ ਰੁੜ ਕੇ ਜਿਆਦਾ ਮਾਰੀ ਗਈ।
ਸਿੰਘਾਂ ਨੂੰ ਕੁਚਲਣ ਲਈ ਆਈ ਫੌਜ ਸਗੋਂ ਆਪਣਾ ਤੋਪਖਾਨਾ ਸਿੰਘਾਂ ਹਵਾਲੇ ਕਰਕੇ ਦੌੜ ਗਈ।
ਓਧਰ ਦਿੱਲੀ ਵਿਚ ਕੁਝ ਹੋਰ ਹਲਚਲ ਮੱਚੀ ਪਈ ਸੀ। ਬਾਦਸ਼ਾਹ ਮਰਾਠਿਆਂ ਤੇ ਅਫਗਾਨਾਂ ਤੋਂ ਦੁਬਕ ਕੇ ਆਪਣੇ ਮਹਿਲਾਂ ਤੋਂ ਬਾਹਰ ਹੀ ਨਹੀਂ ਨਿਕਲਦਾ ਸੀ। ਗਾਜ਼ੀਉਦਦੀਨ ਵਜ਼ੀਰ ਮਰਾਠਿਆਂ ਦੇ ਦਿੱਲੀ ਨਾਲ ਸੰਧੀ ਦੇ