

ਸੀ। ਸੋ ਗਾਜ਼ੀਉਦਦੀਨ ਵਜ਼ੀਰ ਨੇ ਵੀ ਮਰਹੱਟਿਆਂ ਨੂੰ ਸਰਹੰਦ ਉੱਤੇ ਚੜ੍ਹਾਈ ਮਰਨ ਦੀ ਹੱਲਾਸ਼ੇਰੀ ਦਿੱਤੀ। ਮਰਾਠਿਆਂ ਨੂੰ ਹੁਣ ਹੋਰ ਕੀ ਚਾਹੀਦਾ ਸੀ। ਸਰਹੰਦ ਉੱਤੇ ਚੜ੍ਹਾਈ ਕਰਨ ਦਾ ਇਕ ਲੱਖ ਰੋਜ਼ ਤੇ ਨਾਲ ਹੀ ਪੰਜਾਬ ਵੀ, ਉਹਨਾਂ ਫੌਰਨ ਸਰਹੰਦ ਵੱਲ ਕੂਚ ਕਰ ਦਿੱਤਾ।
ਤੀਜੇ ਚੌਥੇ ਦਿਨ ਮਰਹੱਟੇ ਮਲ੍ਹਾਰ ਰਾਓ ਦੀ ਅਗਵਾਈ ਵਿਚ ਸਰਹੰਦ ਆ ਲੱਥੇ। ਅਦੀਨੇ ਨੇ ਉਹਨਾਂ ਦਾ ਸਵਾਗਤ ਕੀਤਾ,
"ਖੁਸ਼ਆਮਦੀਦ.. ਦਿੱਲੀ ਅਤੇ ਲਾਹੌਰ ਦੀ ਟੱਕਰ ਦੇ ਸੂਬੇ ਸਰਹੰਦ ਵਿਚ ਮਰਾਠੇ ਸਰਦਾਰ ਦਾ ਸਵਾਗਤ ਹੈ"
"ਜਲਦੀ ਨਾਲ ਸਰਹੰਦ ਬਾਰੇ ਦੱਸੋ ਤਾਂ ਕਿ ਫਤਹਿ ਕਰਕੇ ਅੱਗੇ ਵਧੀਏ", ਮਰਾਠਾ ਸਰਦਾਰ ਰਘੁਨਾਥ ਰਾਓ ਪਤਾ ਨਹੀਂ ਜਾਂ ਤਾਂ ਸਰਹੰਦ ਨੂੰ ਕੋਈ ਛੋਟੀ ਮੋਟੀ ਰਿਆਸਤ ਸਮਝੀ ਬੈਠਾ ਸੀ ਤੇ ਜਾਂ ਉਸ ਨੂੰ ਆਪਣੀ ਤਾਕਤ 'ਤੇ ਲੋੜੋਂ ਵੱਧ ਮਾਣ ਸੀ।
ਪਹਿਲੇ ਹੱਲੇ ਵੇਲੇ ਹੀ ਉਸ ਨੂੰ ਸਰਹੰਦ ਦੀ ਮਜ਼ਬੂਤੀ ਤੇ ਸਮੁੰਦ ਖਾਂ ਦੀ ਤਿਆਰੀ ਦਾ ਪਤਾ ਲੱਗ ਗਿਆ ਸੀ। ਜਦ ਮਰਾਠਾ ਤੋਪਾਂ ਦੇ ਗੋਲੇ ਸਰਹੰਦ ਕਿਲ੍ਹੇ ਦੀਆਂ ਕੰਧਾਂ ਨਾਲ ਟਕਰਾ ਕੇ ਬੇਰੀ ਤੋਂ ਡਿੱਗਦੇ ਬੇਰਾਂ ਵਾਂਗ ਹੇਠਾਂ ਡਿੱਗ ਪਏ।
"ਅਫਗਾਨਾਂ ਦਾ ਮਜ਼ਬੂਤ ਗੜ੍ਹ ਹੈ ਸਰਹੰਦ ਤੇ ਫੌਜਦਾਰ ਸਮੁੰਦ ਖਾਂ ਦਾ ਨਾਮ ਵੀ ਲੜਾਕੇ ਸਰਦਾਰਾਂ ਵਿਚ ਆਉਂਦਾ ਹੈ", ਅਦੀਨੇ ਨੇ ਮਰਾਠਿਆਂ ਨੂੰ ਸੁਚੇਤ ਕਰਦਿਆਂ ਕਿਹਾ।
“ਲੜਾਕੂਪੁਣਾ ਤਾਂ ਸਾਡੇ ਗੁਰੀਲੇ ਪਰਖਣਗੇ ਸਮੁੰਦ ਖਾਨ ਦਾ", ਰਘੁਨਾਥ ਰਾਓ ਦੀ ਆਕੜ ਹਜੇ ਵੀ ਢਿੱਲੀ ਨਹੀਂ ਪਈ ਸੀ। ਉਸ ਨੇ ਮਸ਼ਹੂਰ ਮਰਾਠਾ ਗੁਰੀਲਿਆਂ ਦਾ ਇਕ ਦਸਤਾ ਤਿਆਰ ਕੀਤਾ ਜੋ ਰਾਤ ਦੇ ਹਨੇਰੇ ਵਿਚ ਸਰਹੰਦ ਦੇ ਕਿਲ੍ਹੇ ਵੱਲ ਰਵਾਨਾ ਹੋਇਆ।
"ਅਸੀਂ ਕਿਲ੍ਹੇ ਨੂੰ ਫਤਹਿ ਕਰ, ਜਲਦੀ ਹੀ ਮਸ਼ਾਲ ਬਾਲ ਕੇ ਤੁਹਾਨੂੰ ਸੁਨੇਹਾ ਦਿਆਂਗੇ ਬਾਉ", ਗੁਰੀਲਿਆਂ ਦਾ ਸਰਦਾਰ ਬੋਲਿਆ।
ਪਰ ਅਗਲੀ ਰਾਤ ਬੀਤ ਜਾਣ 'ਤੇ ਵੀ ਮਰਾਠੇ ਗੁਰੀਲਿਆਂ ਦੀ ਕੋਈ ਜੁਧ ਬੁਧ ਨਹੀਂ ਸੀ। ਸੂਹੀਆਂ ਨੇ ਖਬਰ ਦਿੱਤੀ ਕਿ ਸਾਰੇ ਗੁਰੀਲੇ ਅਫਗਾਨ ਬੰਦੂਕਾਂ ਨੇ ਡੋਗ ਲਏ ਹਨ। ਹੁਣ ਰਘੁਨਾਥ ਰਾਓ ਨੂੰ ਜਾਪਿਆ ਕਿ ਸਰਹੰਦ ਮਾਰਨੀ ਖਾਲਾ ਜੀ ਦਾ ਵਾੜਾ ਨਹੀਂ।