Back ArrowLogo
Info
Profile

"ਇਹ ਤਾਂ ਅਦੀਨੇ ਦਾ ਦੱਸਣਾ ਹੀ ਹੈ ਨਾ ਬ੍ਰਾਊ ਕਿ ਸਿੰਘ 'ਗੁਰੂ' ਦੇ ਬੋਲ ਪੁਗਾ ਰਹੇ ਹਨ। ਕੀ ਪਤੈ ਉਹ ਧਰਤੀ ਵਿਚ ਦੱਬੇ ਖਜ਼ਾਨੇ ਨੂੰ ਉਖਾੜ ਰਹੇ ਹੋਣ ਤੇ ਅਦੀਨੇ ਤੇ ਇਹਨਾਂ ਦੀ ਸੰਧੀ ਹੋ ਚੁੱਕੀ ਹੋਵੇ ਕਿ ਉਹ ਖਜ਼ਾਨਾ ਆਪਸ ਵਿਚ ਵੰਡ ਲੈਣਗੇ। ਇਹ ਨਾ ਹੋਵੇ ਬਾਊ ਕਿ ਸਿੰਘ ਸਾਰਾ ਖਜ਼ਾਨਾ ਸਾਂਭ ਲੈਣ ਤੇ ਆਪਾਂ ਦੇਖਦੇ ਹੀ ਰਹਿ ਜਾਈਏ...

ਵਕੀਲ ਦੀ ਗੱਲ ਸੁਣਦਿਆਂ ਮਰਾਠੇ ਰਾਓ ਦਾ ਮੱਥਾ ਠਣਕਿਆ। ਉਸ ਜਾਤਾ ਕਿ ਕਿਤੇ ਇਹ ਗੱਲ ਸੱਚ ਹੀ ਨਾ ਹੋਵੇ ਤੇ ਅਸੀਂ ਹੱਥ ਮਲਦੇ ਹੀ ਰਹਿ ਜਾਈਏ। ਅਦੀਨੇ ਨੂੰ ਸੁਨੇਹਾ ਘੱਲਿਆ ਗਿਆ। ਦੋਹਾਂ ਬੇੜੀਆਂ ਵਿਚ ਸਵਾਰ ਅਦੀਨਾ ਬੇਗ ਭੱਜਿਆ ਆਇਆ। ਉਹ ਕਿਸੇ ਧਿਰ ਦਾ ਗੁੱਸਾ ਸਹਿਣ ਦੀ ਸਥਿਤੀ ਵਿਚ ਨਹੀਂ ਸੀ। ਮੌਕਾ ਪ੍ਰਸਤ ਬੰਦੇ ਉਂਝ ਵੀ ਡਰੂ ਕਿਸਮ ਦੇ ਹੀ ਹੁੰਦੇ ਹਨ।

"ਜੇ ਇਹਨਾਂ ਆਪਣੇ 'ਗੁਰੂ' ਦਾ ਬਚਨ ਪਾਲਣਾ ਵੀ ਸੀ ਕਿ ਏਥੇ ਗਧਿਆਂ ਨਾਲ ਹਲ਼ ਫੇਰੇ ਜਾਣਗੇ ਤਾਂ ਕੀ ਉਹ ਸੰਕੇਤਕ ਨਹੀਂ ਹੋ ਸਕਦਾ ਸੀ? ਇਹਨਾਂ ਨੂੰ ਕਹੋ ਕਿ ਮਰਾਠਿਆਂ ਦੇ ਸਬਰ ਦਾ ਪਿਆਲਾ ਹੁਣ ਭਰ ਚੁੱਕਾ ਹੈ... "

ਅਦੀਨਾ ਭੱਜਿਆ ਭੱਜਿਆ ਸਰਦਾਰ ਜੱਸਾ ਸਿੰਘ ਕੋਲ ਗਿਆ ਤੇ ਬੋਲਿਆ,

"ਤੁਸੀਂ ਆਪਣੀਆਂ ਤਿੰਨੇ ਸ਼ਰਤਾਂ ਪੂਰੀਆਂ ਕਰਵਾ ਲਈਆਂ ਨੇ ਖਾਲਸਾ ਜੀ, ਹੁਣ ਮਰਾਠਿਆਂ ਨੂੰ ਵੀ ਸ਼ਹਿਰ ਲੁੱਟਣ ਦਾ ਮੌਕਾ ਦਿਓ,

"ਮਰਾਠੇ ਲੁੱਟੀ ਜਾਣ ਸ਼ਹਿਰ ਨੂੰ, ਅਸੀਂ ਉਹਨਾਂ ਦੇ ਰਾਹ ਵਿਚ ਨਹੀਂ ਆਵਾਂਗੇ। ਅਸੀਂ ਤਾਂ ਮਹਾਰਾਜ ਦੇ ਬੋਲਾਂ 'ਤੇ ਫੁੱਲ ਚੜਾ ਰਹੇ ਹਾਂ...", ਇਸ ਤੋਂ ਪਹਿਲਾਂ ਕਿ ਸਰਦਾਰ ਜੱਸਾ ਸਿੰਘ ਕੁਝ ਕਹਿੰਦੇ ਬਾਬਾ ਤਾਰਾ ਸਿੰਘ ਬੋਲਿਆ।

"ਤੁਸੀਂ ਦਰੁਸਤ ਫਰਮਾਇਆ ਹੈ, ਪਰ ਜੇ ਸ਼ਹਿਰ ਲੁੱਟਦਿਆਂ ਸਿੰਘਾਂ ਤੇ ਮਰਾਠਿਆਂ ਦੀ ਕੋਈ ਝੜਪ ਹੋ ਗਈ ਤਾਂ ਐਵੇਂ ਵਾਧੂ ਦਾ ਕਲੇਸ਼ ਖੜ੍ਹਾ ਹੋਵੇਗਾ। ਨਾਲੇ ਮਰਾਠੇ ਤਾਂ ਵਿਦੇਸ਼ੀ ਹਨ, ਚਾਰ ਦਿਨਾਂ ਨੂੰ ਮੁੜ ਜਾਣਗੇ, ਪੰਜਾਬ ਤਾਂ ਤੁਹਾਡਾ ਹੀ ਹੈ... ਸਰਹੰਦ ਨੂੰ ਕਦੇ ਫੇਰ ਢਹਿ ਢੇਰੀ ਕਰ ਲਿਓ..'

"ਇਹੀ ਗੱਲ ਮਰਾਠਿਆਂ ਨੂੰ ਵੀ ਕਹਿ ਕੇ ਆਇਆ ਹੈ ਕਿ ਉੱਥੇ ਕੁਝ ਹੋਰ ਕਿਹਾ ਸੀ? ਜੇ ਨਹੀਂ ਕਿਹਾ ਤਾਂ ਜਾ ਕੇ ਹੁਣ ਕਹਿ ਦੇ ਕਿ ਆਪਣੇ ਆਪ ਨੂੰ ਪ੍ਰਾਹੁਣੇ ਹੀ ਜਾਨਣ ਤੇ ਚਾਰ ਦਿਨਾਂ ਨੂੰ ਆਪ ਹੀ ਮੁੜ ਜਾਣ। ਨਹੀਂ ਫੇਰ ਕੋਈ ਕਾਬਲੋਂ ਆਇਆ ਹੋਵੇ ਭਾਵੇਂ ਪੂਨਿਓ, ਸਾਨੂੰ ਮੋੜਣਾ ਆਉਂਦਾ ਹੈ..", ਬਾਬਾ ਤਾਰਾ ਸਿੰਘ ਗੈਬਾ ਬੋਲਿਆ।

128 / 351
Previous
Next