

ਸਿੰਘ ਸਰਹੰਦ ਵਿਚੋਂ ਬਾਹਰ ਨੂੰ ਤੁਰ ਪਏ ਤੇ ਮਰਾਠੇ ਮਹਿਲਾਂ ਹਵੇਲੀਆਂ ਵਿਚ ਵੜ੍ਹ ਗਏ। ਪਰ ਥੋੜੇ ਸਮੇਂ ਵਿਚ ਹੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੇ ਲੁੱਟਣ ਲਈ ਬਹੁਤਾ ਕੁਝ ਛੱਡਿਆ ਨਹੀਂ ਸਿੰਘਾਂ ਨੇ ਸ਼ਹਿਰ ਵਿਚ ਜਿਹੜੀ ਹਵੇਲੀ ਵਿਚ ਵੀ ਜਾਇਆ ਕਰਨ ਲੁੱਟੀ ਪੁੱਟੀ ਮਿਲਿਆ ਕਰੇ, ਸਾਰੇ ਮਹਿਲ ਖਾਲੀ...
ਮਰਾਠੇ ਕਲਪ ਗਏ। ਉਹਨਾਂ ਸ਼ਹਿਰ ਵਿਚ ਬਚੇ ਰਹਿ ਗਏ ਕੁਝ ਸਿੰਘਾਂ 'ਤੇ ਹਮਲਾ ਕਰ ਦਿੱਤਾ। ਪਰ ਸਿੰਘਾਂ ਨਾਲ ਭਿੜੇ ਮਰਾਠੇ ਸਗੋਂ ਆਪਣਾ ਮਾਲ ਵੀ ਖੁਹਾ ਬੈਠੇ।
ਹੁਣ ਰਾਓ ਨੇ ਤਰਕੀਬ ਬਣਾਈ ਕਿ ਸਿੰਘਾਂ ਨੇ ਸਾਰਾ ਖਜ਼ਾਨਾ ਆਪਣੇ ਡੇਰੇ ਵਿਚ ਜਮਾਂ ਕਰ ਲਿਆ ਹੈ ਸੋ ਮਰਾਠਿਆਂ ਨੂੰ ਉਹਨਾਂ ਦੇ ਡੇਰੇ 'ਤੇ ਪੈਣਾ ਚਾਹੀਦਾ ਹੈ ਤੇ ਸਾਰਾ ਡੇਰਾ ਲੁੱਟ ਲੈਣਾ ਚਾਹੀਦਾ ਹੈ। ਮਰਾਠੇ ਸਿੰਘਾਂ ਵੱਲ ਹਮਲਾਵਰ ਰੁਖ ਨਾਲ ਦੌੜੇ। ਮਰਾਠਿਆਂ ਤੇ ਸਿੰਘਾਂ ਦੀ ਝੜਪ ਤੋਂ ਡਰਦੇ ਅਦੀਨੇ ਨੇ ਇਹ ਖਬਰ ਸਿੰਘਾਂ ਤੀਕ ਪੁਚਾ ਦਿੱਤੀ।
ਜਿਉਂ ਹੀ ਮਰਾਠਿਆਂ ਨੇ ਸਿੰਘਾਂ ਦੇ ਡੇਰੇ 'ਤੇ ਹੱਲਾ ਬੋਲਣ ਲਈ ਚੜ੍ਹਾਈ ਕੀਤੀ ਤਾਂ ਅੱਗੋਂ ਸਿੰਘਾਂ ਦੇ ਸੁਚੇਤ ਹੋਣ ਕਾਰਨ ਉਹਨਾਂ ਨੇ ਰਾਮਜੰਗਿਆਂ ਦੇ ਮੂੰਹ ਖੋਲ੍ਹ ਦਿੱਤੇ। ਗੋਲੀਆਂ ਦਾ ਮੀਂਹ ਚੜ੍ਹੇ ਆਉਂਦੇ ਮਰਾਠਿਆਂ ਉੱਤੇ ਵਰ੍ਹਿਆ ਤੇ ਉਹ ਗੜਿਆਂ ਵਾਂਗ ਘੋੜਿਆਂ ਤੋਂ ਡਿੱਗਣ ਲੱਗੇ। ਬਰਛਿਆਂ ਵਾਲਿਆਂ ਮਰਾਠਿਆਂ ਦੇ ਬਰਛੇ ਹੱਥਾਂ ਵਿਚ ਹੀ ਰਹਿ ਗਏ ਤੇ ਸਿੰਘਾਂ ਦੀਆਂ ਗੋਲੀਆਂ ਨੇ ਉਹਨਾਂ ਨੂੰ ਢੇਰ ਕਰ ਦਿੱਤਾ।
ਸਿੰਘਾਂ ਨੇ ਦਲ ਨੂੰ ਪਹਿਲਾਂ ਹੀ ਕਈ ਹਿੱਸਿਆਂ ਵਿਚ ਵੰਡ ਦਿੱਤਾ ਸੀ। ਕਈ ਪਾਸਿਆਂ ਤੋਂ ਪਈ ਮਾਰ ਮਰਾਠੇ ਸਹਾਰ ਨਾ ਸਕੇ। ਦੋ ਕੁ ਕੋਹ ਤਾਂ ਉਹਨਾਂ ਸਿੰਘਾਂ ਦਾ ਪਿੱਛਾ ਕੀਤਾ, ਪਰ ਮਗਰੋਂ ਭਿਆਂ ਹੋ ਗਈ। ਸਿੰਘਾਂ ਦਾ ਡੇਰਾ ਲੁੱਟਣ ਚੜ੍ਹੇ ਮਰਾਠੇ ਆਪਣੇ ਸੈਕੜੇ ਸਿਪਾਹੀ ਮਰਵਾ ਕੇ ਪਿੱਛੇ ਮੁੜ ਪਏ। ਮਰਹੱਟਿਆਂ ਨਾਲ ਤਾਂ ਉਹ ਹੋਈ ਜਿਵੇਂ ਬਾਜ਼ ਬਟੇਰਿਆਂ 'ਤੇ ਅਚਨਚੇਤ ਟੁੱਟ ਕੇ ਪੈ ਜਾਣ। ਖਜ਼ਾਨਾ ਲੁੱਟਣ ਗਏ ਮਰਹੱਟੇ ਛਿੱਥੇ ਜਹੇ ਪੈ ਕੇ ਆਪਣੀ ਸੈਨਾ ਨਾਲ ਆ ਰਲੇ।