

ਹਰੇਕ ਮੋਰਚਾ ਸਿੰਘਾਂ ਨੇ ਮਾਰ ਲੈਣਾ ਸੀ ਤੇ ਮਰਾਠਿਆਂ ਨੇ ਜਿੱਤੇ ਜਿਤਾਏ ਇਲਾਕਿਆਂ 'ਤੇ ਝੰਡੇ ਹੀ ਗੱਡਣੇ ਸਨ। ਹਾਂ. ਲੁੱਟ ਮਾਰ ਲਈ ਉਹਨਾਂ ਨੂੰ ਕੁਝ ਸਮਝੌਤਾ ਕਰਨਾ ਪੈਣਾ ਸੀ, ਪਰ ਜੇ ਉਹਨਾਂ ਦੇ ਅਸਲੀ ਮਕਸਦ ਨੂੰ ਦੇਖਿਆ ਜਾਏ, ਜੋ ਪੰਜਾਬ ਨੂੰ ਮਰਾਠਾ ਸਲਤਨਤ ਵਿਚ ਮਿਲਾਉਣਾ ਸੀ, ਤਾਂ ਇਹ ਹਰਗਿਜ ਘਾਟੇ ਦਾ ਸੌਦਾ ਨਹੀਂ ਸੀ।
ਸਿਖ ਸਰਦਾਰਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਵਿਚ ਲਾਹੌਰ ਉੱਤੇ ਧਾਵਾ ਬੋਲਣ ਲਈ ਕਮਰਕੱਸੇ ਕਰ ਲਏ। ਸਰਦਾਰ ਚੜ੍ਹਤ ਸਿੰਘ, ਸਰਦਾਰ ਹਰੀ ਸਿੰਘ ਭੰਗੀ, ਬਾਬਾ ਤਾਰਾ ਸਿੰਘ ਗੈਬਾ ਤੇ ਰਾਮਗੜ੍ਹੀਏ ਸਰਦਾਰ ਵੀ ਸਰਦਾਰ ਜੱਸਾ ਸਿੰਘ ਦੇ ਨਾਲ ਸਨ।
ਸਿੰਘਾਂ ਨੇ ਪਲਾਂ ਵਿਚ ਹੀ ਲਾਹੌਰ ਵਿਚੋਂ ਬਚੇ ਹੋਏ ਪਠਾਨ ਵੀ ਦਵੱਲ ਦਿੱਤੇ। ਜਹਾਨ ਖਾਨ ਆਪਣੀ ਫੌਜ ਨਾਲ ਦੌੜਿਆ ਤਾਂ ਸਿੰਘਾਂ ਨੇ ਉਸ ਦਾ ਪਿੱਛਾ ਕੀਤਾ ਤੇ ਝਨ੍ਹਾ 'ਤੇ ਜਾ ਘੇਰਿਆ। ਘਮਸਾਨ ਮੱਚ ਗਿਆ। ਗਿਲਜਿਆਂ ਦੇ ਸਿਰ ਸਿੰਘਾਂ ਦੇ ਬਰਛਿਆਂ 'ਤੇ ਟੰਗੇ ਦਿਖਾਈ ਦੇਣ ਲੱਗੇ। ਦੋ ਪੜਾਓ ਪਿੱਛੇ ਰਹਿਣ ਵਾਲੇ ਮਰਾਠੇ ਜਦ ਰਾਤ ਪਈ ਨੂੰ ਝਨ੍ਹਾ 'ਤੇ ਪਹੁੰਚੇ ਤਾਂ ਬਰਛਿਆਂ 'ਤੇ ਪਰੋਏ ਅਫਗਾਨਾਂ ਦੇ ਸਿਰ ਦੇਖ ਕੇ ਇਕ ਵਾਰ ਤਾਂ ਘਬਰਾ ਗਏ। ਰੌਲੇ ਗੌਲੇ ਤੇ ਹਨੇਰੇ ਦਾ ਫੈਦਾ ਚੱਕ ਕੇ ਜਹਾਨ ਖਾਂ ਜਾਨ ਬਚਾ ਕੇ ਭੱਜ ਗਿਆ। ਹਜ਼ਾਰਾਂ ਦੁਰਾਨੀਆਂ ਨੂੰ ਸਿੰਘਾਂ ਨੇ ਭਗੋਤੀਆਂ ਦੀ ਭੇਟ ਕਰ ਦਿੱਤਾ। ਅਫਗਾਨਾਂ ਦਾ ਸਾਰਾ ਡੇਰਾ ਸਿੰਘਾਂ ਤੇ ਮਰਾਠਿਆਂ ਨੇ ਲੁੱਟ ਲਿਆ। ਸੈਕੜੇ ਪਠਾਨ ਸਿਪਾਹੀ ਸਿੰਘਾਂ ਨੇ ਕੈਦ ਕਰ ਲਏ।
ਕੈਦ ਕੀਤੇ ਸਾਰੇ ਅਫਗਾਨ ਅੰਮ੍ਰਿਤਸਰ ਸਾਹਿਬ ਲਿਆਂਦੇ ਗਏ। ਤੈਮੂਰ ਤੇ ਜਹਾਨ ਖਾਨ ਨੇ ਜੋ ਦਰਬਾਰ ਸਾਹਿਬ ਦੀ ਬੇਅਦਬੀ ਕਰਦਿਆਂ ਸਰੋਵਰ ਨੂੰ ਪੂਰਿਆ ਸੀ, ਉਸ ਦੀ ਸਫਾਈ ਇਹਨਾਂ ਕੈਦ ਕੀਤੇ ਪਠਾਨਾਂ ਤੋਂ ਕਰਵਾਈ ਗਈ। ਜਿਹਨਾਂ ਨੇ ਸਰੋਵਰ ਪੂਰਿਆ ਸੀ ਉਹਨਾਂ ਤੋਂ ਹੀ ਸਾਫ ਕਰਵਾਇਆ ਗਿਆ।
ਇਸ ਤਰ੍ਹਾਂ ਸਿੰਘਾਂ ਦੇ ਹੱਲਿਆਂ ਉੱਤੇ ਜਿੱਤਾਂ ਪ੍ਰਾਪਤ ਹੁੰਦੀਆਂ ਰਹੀਆਂ। ਮਰਾਠਿਆਂ ਨੂੰ ਤਾਂ ਬਿਨਾ ਤਲਵਾਰਾਂ ਮਿਆਨੋਂ ਕੱਢਿਆਂ ਹੀ ਅਟਕ ਤੀਕ ਕਬਜ਼ਾ ਮਿਲ ਗਿਆ ਸੀ। ਪੂਨੇ ਖਬਰਾਂ ਭੇਜਦਾ ਰਘੁਨਾਲ ਰਾਓ ਖੁਸ਼ੀ ਵਿਚ ਖੀਵਾ ਹੋ ਰਿਹਾ ਸੀ।
ਹੁਣ ਤੱਕ ਭਾਵੇਂ ਸਾਰੇ ਪੰਜਾਬ ਉੱਤੇ ਮਰਾਠਿਆਂ ਦਾ ਕਬਜ਼ਾ ਹੋ ਗਿਆ ਸੀ,ਪਰ ਅਬਦਾਲੀ ਦੇ ਡਰੋਂ ਉਹ ਪੰਜਾਬ ਵਿਚ ਟਿਕਣਾ ਨਹੀਂ ਚਾਹੁੰਦੇ ਸਨ।