

ਬੇਗ ਦੀ ਇਕ ਟੁਕੜੀ ਉਗਰਾਹੀ ਕਰਦੀ ਹੋਈ ਨਜ਼ਰ ਪਈ। ਦਲ ਨੇ ਉਹਨਾਂ ਵੱਲ ਕੁਝ ਸਿੰਘ ਭੇਜੇ ਤੇ ਕੁੱਟ ਕੇ ਸਾਰਾ ਇਕੱਠਾ ਕੀਤਾ ਮਾਮਲਾ ਖੋਹ ਲਿਆ। ਇਸ ਬਾਰੇ ਸੁਣ ਕੇ ਸਦੀਕ ਬੇਗ ਨੂੰ ਅੱਗ ਲੱਗ ਗਈ। ਉਸ ਨੇ ਫੌਜ ਇਕੱਠੀ ਕੀਤੀ ਤੇ ਆਨੰਦਪੁਰ ਸਾਹਿਬ ਹੋਲੇ ਮਹੱਲੇ 'ਤੇ ਜਾ ਪਿਆ। ਸਿੰਘ ਸਾਰੇ ਆਨੰਦਪੁਰ ਸਾਹਿਬ ਵਿਚ ਖਿੰਡੇ ਹੋਏ ਸਨ, ਸੋ ਛੇਤੀ ਇਕੱਠੇ ਨਾ ਹੋ ਸਕੇ ਤੇ ਸਦੀਕ ਬੇਗ ਨੇ ਸਿੰਘਾਂ ਦਾ ਕਾਫੀ ਨੁਕਸਾਨ ਕਰ ਦਿੱਤਾ। ਦਲ ਦੇ ਤਕਰੀਬਨ ਸਾਰੇ ਸਿੰਘ ਜਿਹਨਾਂ 'ਤੇ ਸਦੀਕ ਬੇਗ ਨੇ ਅਚਨਚੇਤ ਹਮਲਾ ਕਰ ਦਿੱਤਾ ਸੀ, ਜ਼ਖਮੀ ਹੋ ਗਏ। ਸਰਦਾਰ ਜੱਸਾ ਸਿੰਘ ਨੂੰ ਵੀ ਦੋ ਡੂੰਘੇ ਫੱਟ ਲੱਗੇ।
ਸਦੀਕ ਬੇਗ ਗੁੱਸੇ ਵਿਚ ਹੱਲਾ ਕਰ ਤਾਂ ਆਇਆ, ਪਰ ਅੰਦਰੋਂ ਹੁਣ ਬੁਰੀ ਤਰ੍ਹਾਂ ਡਰ ਗਿਆ। ਆਨੰਦਪੁਰ ਸਾਹਿਬ ਤੋਂ ਘੋੜੇ ਭਜਾ ਕੇ ਉਸ ਨੇ ਸਿੱਧੇ ਸਰਹੱਦ ਆ ਕੇ ਰੋਕੇ ਸਨ।
“ਕਿੰਨਾ ਕੁ ਮਾਮਲਾ ਖੋਹ ਕੇ ਲੈ ਗਏ ਸਨ ਸਿੰਘ... ਐਵੇਂ ਅਸੀਂ ਭੂਡਾਂ ਦੀ ਖੱਖਰ ਛੇੜ ਲਈ... ਹੁਣ ਸਰਹੰਦ 'ਤੇ ਜਰੂਰ ਹੱਲਾ ਬੋਲਣਗੇ। ਇਹ ਮੌਕਾ ਤਾਂ ਉਹਨਾਂ ਨੂੰ ਖੁਦਾ ਦੇਵੇ...", ਆਪਣੇ ਵਕੀਲਾਂ ਨਾਲ ਗੱਲ ਕਰਦਾ ਸਦੀਕ ਬੇਗ ਬੋਲਿਆ।
"ਅਸੀਂ ਸਿੰਘਾਂ ਵੱਲ ਅਗਲੀ ਕਿਸ਼ਤ ਤੇ ਇਕ ਉਸ ਤੋਂ ਵੀ ਅਗਲੀ ਕਿਸ਼ਤ ਅਗਾਉਂ ਭੇਜ ਦਿੰਦੇ ਹਾਂ ਬੇਗ ਸਾਹਿਬ ਨਾਲੇ ਭੁੱਲ ਬਖਸ਼ਵਾ ਲੈਂਦੇ ਹਾਂ..'
ਇਕ ਵਕੀਲ ਦੀ ਗੱਲ ਸਦੀਕ ਬੇਗ ਨੂੰ ਭਾਅ ਗਈ। ਉਸ ਨੇ ਆਪਣੇ ਵਕੀਲ ਸਰਦਾਰ ਜੱਸਾ ਸਿੰਘ ਵੱਲ ਭੇਜੇ, ਜੋ ਇਸ ਵੇਲੇ ਡਰੋਲੀ ਭਾਈ ਆਪਣੇ ਫੱਟਾਂ ਦਾ ਇਲਾਜ਼ ਕਰਵਾ ਰਹੇ ਸਨ।
“ਕਿਸੇ ਵੇਗ ਵਿਚ ਇਹ ਹੱਲਾ ਹੋ ਗਿਆ ਖਾਲਸਾ ਜੀ... ਸਿੰਘਾਂ ਨੇ ਸਾਡੀ ਟੁਕੜੀ ਤੋਂ ਉਗਰਾਹੀ ਲੁੱਟ ਲਈ ਸੀ ਸੋ ਅਸੀਂ ਉਹਨਾਂ ਸਿੰਘਾਂ ਦਾ ਪਿੱਛਾ ਕਰਦੇ ਆਨੰਦਪੁਰ ਜਾ ਪਹੁੰਚੇ ਤੁਹਾਡੇ ਉੱਥੇ ਹੋਣ ਦਾ ਸਾਨੂੰ ਗਿਆਤ ਨਹੀਂ ਸੀ... ਅਸੀਂ ਮੁਆਫੀ ਚਾਹੁੰਦੇ ਹਾਂ ਤੇ ਨਜ਼ਰਾਨਾ ਖਾਲਸਾ ਜੀ ਦੇ ਭੇਟ ਕਰਦੇ ਹਾਂ...", ਵਕੀਲਾਂ ਨੇ ਵੀਹ ਹਜ਼ਾਰ ਸਰਦਾਰ ਜੱਸਾ ਸਿੰਘ ਨੂੰ ਫੜਾਉਂਦਿਆਂ ਸਦੀਕ ਬੇਗ ਵੱਲੋਂ ਮੁਆਫੀ ਮੰਗੀ।
"ਬਚਨਾ ਤੋਂ ਖਿਸਕਣ ਵਾਲੇ ਨੂੰ ਖਾਲਸਾ ਹੱਥ ਦਿਖਾ ਹੀ ਦਿੰਦਾ ਹੈ... ਤੁਸੀਂ ਅੱਗੇ ਤੋਂ ਖਿਆਲ ਰੱਖਿਓ", ਸਰਦਾਰ ਨੇ ਸਦੀਕ ਬੇਗ ਦੇ ਵਕੀਲਾਂ ਨੂੰ ਸੁਚੇਤ ਕਰਦਿਆਂ ਕਿਹਾ।