Back ArrowLogo
Info
Profile

ਦਏ ਮਹਟਨ ਦੇਸੋਂ ਕਢਾਇ॥

ਹੈਨ ਮੁਸਲਮਾਨ ਏ ਦੁਖਦਾਇ॥

ਏਧਰ ਪੰਜਾਬ ਵਿਚ ਮਰਾਠੇ ਆਪਣੇ ਪੈਰ ਪੱਕੇ ਕਰ ਰਹੇ ਸਨ। ਖਾਲਸਾ ਨਿੱਤ ਚੜ੍ਹਦੇ ਸੂਰਜ ਨਵੇਂ ਇਲਾਕੇ ਮੱਲ ਰਿਹਾ ਸੀ। ਤੈਮੂਰ ਤੇ ਜਹਾਨ ਖਾਨ ਨੂੰ ਬੇਇੱਜਤੀ ਭਰੀ ਹਾਰ ਖਾ ਕੇ ਪੰਜਾਬ ਵਿਚੋਂ ਭੱਜਣਾ ਪਿਆ ਸੀ ਤੇ ਅਬਦਾਲੀ ਦੇ ਭੇਜੇ ਨੂਰਦੀਨ ਨੂੰ ਵੀ ਸਿੰਘਾਂ ਨੇ ਝਨਾਂ ਦੇ ਕੰਢਿਆਂ ਤੋਂ ਹੀ ਪਿੱਛੇ ਮੋੜ ਦਿੱਤਾ ਸੀ। ਇਹ ਸਭ ਕੁਝ ਇਕੱਠਾ ਜਦ ਹੀ ਅਬਦਾਲੀ ਦੇ ਅੰਦਰ ਤਰਥੱਲੀ ਮਚਾਉਂਦਾ ਤਾਂ ਉਹ ਪੰਜਾਬ ਵੱਲ ਦੇਖ ਕੇ ਦੰਦ ਪੀਹਨ ਲੱਗ ਜਾਂਦਾ ਸੀ। ਅਫਗਾਨਿਸਤਾਨ ਵਿਚ ਛੋਟੀਆਂ ਮੋਟੀਆਂ ਬਗਾਵਤਾਂ ਦੀ ਸੰਘੀ ਨੱਪ ਕੇ ਜਦ ਹੀ ਉਹ ਵਿਹਲਾ ਹੋਇਆ, ਉਸ ਨੇ ਇਕ ਲੱਖ ਅਫਗਾਨਾਂ ਦੀ ਫੌਜ ਤਿਆਰ ਕੀਤੀ ਤੇ ਪੰਜਾਬ ਉੱਤੇ ਚੜ੍ਹਾਈ ਕਰ ਦਿੱਤੀ ।

ਅਬਦਾਲੀ ਦਾ ਇਹ ਪੰਜਵਾਂ ਹੱਲਾ ਸੀ। ਐਤਕੀ ਉਸ ਦਾ ਜਿਆਦਾ ਖਿਆਲ ਮਰਾਠਿਆਂ ਨੂੰ ਕੁਚਲ ਦੇਣ ਬਾਰੇ ਸੀ। ਨਜ਼ੀਬੁਦੌਲਾ ਦੇ ਸੁਨੇਹੇਂ ਵੀ ਉਸ ਤੱਕ ਲਗਾਤਾਰ ਪਹੁੰਚ ਰਹੇ ਸਨ।

"ਜੇ ਦਿੱਲੀ ਬੈਠੇ ਮਰਾਠਿਆਂ ਨੂੰ ਨਰਮਦਾ ਪਾਰ ਭਜਾ ਦਿੱਤਾ ਜਾਵੇ ਤਾਂ ਹੀ ਅਸੀਂ ਪੰਜਾਬ ਵੱਲ ਧਿਆਨ ਦੇ ਸਕਦੇ ਹਾਂ ਫੇਰ ਸਿਰਫ ਸਿਖ ਰਹਿ ਜਾਣਗੇ ਜਿਹਨਾਂ ਨਾਲ ਸਾਨੂੰ ਲੋਹਾ ਲੈਣਾ ਪਵੇਗਾ", ਆਪਣੇ ਪ੍ਰਧਾਨ ਮੰਤਰੀ ਸ਼ਾਹ ਵਲੀ ਨਾਲ ਗੱਲ ਕਰਦਿਆਂ ਸ਼ਾਹ ਬੋਲਿਆ। ਜਦ ਉਸ ਨੇ 'ਸਿਰਫ ਸਿਖ’ ਕਿਹਾ ਤਾਂ ਸ਼ਾਹ ਵਲੀ ਵੱਲ ਦੇਖ ਕੇ ਕੁਝ ਚਿਰ ਚੁੱਪ ਹੋ ਗਿਆ ਸੀ।

ਸ਼ਾਹ ਦੇ ਕਾਬਲੋਂ ਤੁਰਨ ਦੀ ਖਬਰ ਪੰਜਾਬ ਬੈਠੇ ਮਰਾਠਿਆਂ ਨੂੰ ਲੱਗੀ ਤਾਂ ਉਹਨਾਂ ਦਿੱਲੀ ਕੁਚ ਕਰ ਜਾਣ ਵਿਚ ਪਲ ਵੀ ਨਾ ਲਾਇਆ। ਸ਼ਾਹ ਹਜੇ ਜਲਾਲਾਬਾਦ ਵੀ ਨਹੀਂ ਟੱਪਿਆ ਸੀ ਜਦ ਨੂੰ ਮਰਾਠੇ ਕਰਨਾਲ ਟੱਪ ਗਏ ਸਨ। ਉਹ ਪੂਨੇ ਤੋਂ ਏਨੀ ਵਾਟ 'ਤੇ ਬੈਠੇ ਹੋਏ ਅਬਦਾਲੀ ਨਾਲ ਹਰਗਿਜ਼ ਟੱਕਰ ਨਹੀਂ ਲੈਣਾ ਚਾਹੁੰਦੇ ਸਨ।

135 / 351
Previous
Next