

ਖਾਨ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ ਤੇ ਘੋੜੇ ਤੋਂ ਡਿੱਗ ਪਿਆ। ਭੱਜ ਕੇ ਉਸਦੇ ਕੁਝ ਸਿਪਾਹੀਆਂ ਨੇ ਉਸ ਨੂੰ ਸੰਭਾਲਿਆ। ਅਫਗਾਨਾਂ ਦਾ ਬਹੁਤ ਸਮਾਨ ਸਿੰਘ ਨੇ ਲੁੱਟ ਲਿਆ।
ਜਹਾਨ ਖਾਨ ਦੇ ਫੱਟੜ ਹੋ ਜਾਣ ਮਗਰੋਂ ਅਫਗਾਨ ਲਸ਼ਕਰ ਪਿੱਛੇ ਹਟ ਗਿਆ। ਸਿੰਘ ਵੀ ਰਾਤ ਨੂੰ ਆਲੇ ਦੁਆਲੇ ਦੇ ਝੱਲਾਂ ਵਿਚ ਛਪੇਲ ਹੋ ਗਏ। ਉਹਨਾਂ ਦੀ ਰਣਨੀਤੀ ਇਹੋ ਹੁੰਦੀ ਸੀ ਤੇ ਉਹਨਾਂ ਮੌਕਾ ਦੇਖ ਕੇ ਅਫਗਾਨ ਲਸ਼ਕਰ 'ਤੇ ਮੁੜ ਹੱਲਾ ਕਰ ਦੇਣਾ ਸੀ। ਅਬਦਾਲੀ ਸਿਖਾਂ ਦੀ ਇਸ ਬਾਣ ਤੋਂ ਵਾਕਫ ਸੀ, ਪਰ ਉਹ ਬਹੁਤੀ ਦੇਰ ਪੰਜਾਬ ਵਿਚ ਹੀ ਬੈਠਾ ਨਹੀਂ ਰਹਿ ਸਕਦਾ ਸੀ। ਦਿੱਲੀ ਵਿਚ ਹੋ ਰਹੀ ਟੁੱਟ ਭੱਜ ਰੋਕਣ ਲਈ ਉਸ ਨੂੰ ਅੱਗੇ ਵਧਣਾ ਹੀ ਪੈਣਾ ਸੀ। ਸੋ ਉਸ ਨੇ ਸ਼ਾਹਵਲੀ ਦੇ ਭਰਾ ਨੂੰ ਲਾਹੌਰ ਬਿਠਾਇਆ ਤੇ ਆਪ ਅੱਗੇ ਵਧ ਗਿਆ।
ਦਿੱਲੀ ਵਿਚ ਵਜ਼ੀਰ ਗਾਜ਼ੀਉਦਦੀਨ ਇਮਾਦੁਲ ਮੁਲਕ ਨੇ ਬਾਦਸ਼ਾਹ ਆਲਮਗੀਰ ਕਤਲ ਕਰਵਾ ਦਿੱਤਾ ਸੀ ਤੇ ਸ਼ਾਹੀ ਘਰਾਣੇ ਵਿਚੋਂ ਆਪਣੀ ਇਕ ਕਠਪੁਤਲੀ ਨੂੰ ਤਖ਼ਤ 'ਤੇ ਬਿਠਾ ਦਿੱਤਾ।
ਅਬਦਾਲੀ ਸਹਾਰਨਪੁਰ ਆ ਲੱਥਾ। ਜਿੱਥੇ ਉਸ ਨੂੰ ਨਜ਼ੀਬੁਦੌਲਾ ਆ ਕੇ ਮਿਲਿਆ। ਮਰਾਠਿਆਂ ਤੇ ਅਫਗਾਨਾਂ ਦੀ ਪਹਿਲੀ ਟੱਕਰ ਜਮਨਾ ਦੇ ਬੁਰਾਰੀ ਘਾਟ 'ਤੇ ਹੋਈ। ਜਿਸ ਵਿਚ ਅਫਗਾਨ ਮਾਮੂਲੀ ਵਿਰੋਧ ਮਗਰੋਂ ਜੇਤੂ ਰਹੇ ਤੇ ਮਰਾਠਿਆਂ ਦਾ ਸੈਨਾਪਤੀ ਦੱਤਾ ਜੀ ਸ਼ਿੰਦੇ ਮਾਰਿਆ ਗਿਆ।
ਏਸ ਮਗਰੋਂ ਜੋੜ ਤੋੜ ਦਾ ਗੇੜ ਚੱਲਿਆ। ਮਰਾਠਿਆਂ ਤੇ ਅਫਗਾਨਾਂ ਦੋਹਾਂ ਦਾ ਜ਼ੋਰ ਇਸ ਗੱਲ 'ਤੇ ਲੱਗਿਆ ਹੋਇਆ ਸੀ ਕਿ ਵਧ ਤੋਂ ਵਧ ਰਾਜੇ ਰਜਵਾੜੇ ਆਪਣੇ ਆਪਣੇ ਨਾਲ ਰਲਾਏ ਜਾਣ। ਵੱਡੀ ਗੱਲ ਸਜਾਅਉਦੌਲਾ ਦੀ ਹਾਂ ਨਾਂਹ 'ਤੇ ਖੜੀ ਸੀ। ਉਹ ਜਿਸ ਪਾਸੇ ਹੋ ਜਾਂਦਾ ਪਾਸਾ ਉਸੇ ਦਾ ਭਾਰਾ ਹੋ ਜਾਣਾ ਸੀ। ਉਸ ਕੋਲ ਚਾਲੀ ਹਜ਼ਾਰ ਦੇ ਲਗਭਗ ਫੌਜ ਸੀ। ਦੋਹਾਂ ਧਿਰਾਂ ਨੇ ਉਸ ਨੂੰ ਨਾਲ ਰਲਾਉਣ ਦੀ ਪੂਰੀ ਵਾਹ ਲਾਈ, ਪਰ ਅਬਦਾਲੀ ਨੇ ਨਜ਼ੀਬੁਦੌਲੇ ਰਾਹੀਂ ਲਿਖਵਾ ਭੇਜਿਆ,
"ਜੇ ਤੁਸੀਂ ਇਸ ਜੰਗ ਵਿਚ ਸਾਡੀ ਮਦਦ ਕਰੋ ਤਾਂ ਦਿੱਲੀ ਦੀ ਵਜ਼ੀਰੀ ਮੈਂ ਤੁਹਾਨੂੰ ਹੁਣੇ ਲਿਖ ਕੇ ਦਿੰਦਾ ਹਾਂ"
ਤੇ ਸਜਾਅਉਦੌਲਾ ਨੇ ਅਫਗਾਨਾਂ ਨੂੰ ਚੁਣਿਆਂ।
ਸਭ ਤਰ੍ਹਾਂ ਦੀ ਗੰਢ ਤੁਪ ਕਰਨ ਮਗਰੋਂ ਪੇਸ਼ਵਾ ਦਾ ਭਾਈ ਮਰਾਠਾ