Back ArrowLogo
Info
Profile

ਸਰਦਾਰ ਸਦਾ ਸ਼ਿਵ ਰਾਓ ਆਪਣੇ ਲਸ਼ਕਰ ਸਮੇਤ ਅਫਗਾਨਾਂ ਦਾ ਮੁਕਾਬਲਾ ਕਰਨ ਲਈ ਡਟ ਕੇ ਖਲੋ ਗਿਆ। ਸਦਾ ਸ਼ਿਵ ਸਚਮੁਚ ਯੋਧਾ ਸਰਦਾਰ ਸੀ ਤੇ ਸਨਮੁਖ ਜੰਗ ਲੜ੍ਹਣ ਦਾ ਚਾਹਵਾਨ ਸੀ । ਉਹ ਆਮ ਸਰਦਾਰਾਂ ਵਾਂਗ ਪਿੱਛੇ ਹਾਥੀ 'ਤੇ ਬੈਠ ਕੇ ਜੰਗ ਵੇਖਣ ਦਾ ਇਛੁੱਕ ਨਹੀਂ ਸੀ। ਉਸ ਦਾ ਭਰੋਸਾ ਸੀ ਕਿ ਜੰਗ ਮੈਦਾਨ ਵਿਚ ਉਤਰ ਕੇ ਲੜ੍ਹੀ ਜਾਵੇ ਤਾਂ ਜਿੱਤੀ ਜਾਂਦੀ ਹੈ।

ਮਰਾਠਾ ਫੌਜ ਦੀ ਅਗਵਾਈ ਪੇਸ਼ਵਾ ਦਾ ਪੁੱਤਰ ਵਿਸ਼ਵਾਸ ਰਾਓ ਕਰ ਰਿਹਾ ਸੀ। ਉਹ ਉਮਰ ਵਿਚ ਹਜੇ ਹੌਲਾ ਸੀ, ਸੋ ਸਦਾ ਸ਼ਿਵ ਨੇ ਬਾਜ਼ੀਰਾਓ ਤੇ ਮਸਤਾਨੀ ਦੇ ਪੁੱਤਰ ਸ਼ਮਸ਼ੇਰ ਬਹਾਦਰ ਨੂੰ ਸਦਾ ਵਿਸ਼ਵਾਸ ਰਾਓ ਦੇ ਨਾਲ ਪਰਛਾਵਾਂ ਬਣ ਕੇ ਰਹਿਣ ਲਈ ਕਿਹਾ ਹੋਇਆ ਸੀ।

ਹੁਣ ਦੋਹੇਂ ਫੌਜਾਂ ਦੇ ਵਿਚਾਲੇ ਜਮਨਾ ਸੀ, ਜੋ ਪਾਣੀ ਦੇ ਜਿਆਦਾ ਬਹਾਅ ਕਾਰਨ ਚੜ੍ਹੀ ਹੋਈ ਸੀ। ਸੋ ਉਸ ਉੱਤੇ ਕੋਈ ਨਵਾਂ ਪੁਲ ਬਣਾਉਣਾ ਸੌਖਾ ਕੰਮ ਨਹੀਂ ਸੀ। ਸਦਾ ਸ਼ਿਵ ਨੇ ਸੋਚਿਆ ਕਿ ਇੰਝ ਬੇਅਰਥ ਪਾਣੀ ਲੱਥ ਜਾਣ ਦੀ ਉਡੀਕ ਕਰਨ ਨਾਲੋਂ ਚੰਗਾ ਹੈ ਕਿ ਉਹ ਦਿੱਲੀ ਨੂੰ ਚਾਲਾ ਪਾ ਦੇਣ।

"ਇਸ ਨਾਲ ਇਕ ਤਾਂ ਅਸੀਂ ਦਿੱਲੀ ਫਤਹਿ ਕਰ ਲਵਾਂਗੇ ਤੇ ਨਾਲ ਹੀ ਦਿੱਲੀ ਵਾਲੇ ਪੁਲਾਂ ਤੋਂ ਜਮਨਾ ਪਾਰ ਕੀਤੀ ਜਾ ਸਕੇਗੀ", ਸਦਾਸ਼ਿਵ ਦੇ ਬੋਲਾਂ ਵਿਚ ਦ੍ਰਿੜਤਾ ਸੀ। ਉਸ ਦੀ ਇਹ ਵਿਉਂਤ ਉਸਦੇ ਬਾਕੀ ਸਾਥੀਆਂ ਤੇ ਸੈਨਾਪਤੀਆਂ ਨੂੰ ਭਾਅ ਗਈ ਮਰਾਠਾ ਸੈਨਾ ਨੇ ਦਿੱਲੀ ਵੱਲ ਕੂਚ ਕਰ ਦਿੱਤਾ। ਇਕ ਦੋ ਦਿਨ ਮਗਰੋਂ ਜਦ ਅਬਦਾਲੀ ਨੂੰ ਮਰਾਠਿਆਂ ਦੇ ਜਮਨਾ ਦੇ ਪਰਲੇ ਕੰਢਿਓ ਤੁਰ ਜਾਣ ਦਾ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਸੂਹੀਏ ਭਜਾਏ ਤੇ ਪਤਾ ਕਰਵਾਇਆ।

"ਮਰਾਠਾ ਸੈਨਾ ਦਿੱਲੀ ਵੱਲ ਜਾ ਰਹੀ ਹੈ ਹਜ਼ੂਰ", ਸੂਹੀਆਂ ਨੇ ਆ ਕੇ ਖਬਰ ਦਿੱਤੀ।

“ਛੇਤੀ ਨਾਲ ਦਿੱਲੀ ਕੂਚ ਦੀ ਤਿਆਰੀ ਕਰੋ। ਇਸ ਤੋਂ ਪਹਿਲਾਂ ਕਿ ਲਾਲ ਕਿਲ੍ਹੇ 'ਤੇ ਮਰਾਠੇ ਆਪਣਾ ਪਰਚਮ ਝੁਲਾ ਦੇਣ", ਸ਼ਾਹਵਲੀ ਨੂੰ ਅਬਦਾਲੀ ਬੋਲਿਆ।

ਪਰ ਏਧਰ ਬਿਨਾ ਕਿਸੇ ਖਾਸ ਵਿਰੋਧ ਤੋਂ ਮਰਾਠਿਆਂ ਨੇ ਦਿੱਲੀ ਮਾਰ ਲਈ। ਗਾਜ਼ੀਉਦੀਨ ਵਜ਼ੀਰ ਦਾ ਕਠਪੁਤਲੀ ਬਾਦਸ਼ਾਹ ਕੁਝ ਨਾ ਕਰ ਸਕਿਆ ਤੇ ਕਿਲ੍ਹਾ ਛੱਡ ਕੇ ਭੱਜ ਗਿਆ। ਪੇਸ਼ਵਾ ਦੇ ਪੁੱਤਰ ਵਿਸ਼ਵਾਸ ਰਾਓ ਨੂੰ ਦਿੱਲੀ ਤਖ਼ਤ 'ਤੇ ਬਿਠਾਇਆ ਗਿਆ।

138 / 351
Previous
Next