Back ArrowLogo
Info
Profile

ਨਦੀ ਤੀਕ ਪਹੁੰਚ ਗਈਆਂ ਤੇ ਜਮਨਾ ਵਿਚ ਲਾਲ ਰੰਗ ਦਾ ਪਾਣੀ ਵਹਿਣ ਲੱਗਾ।

ਅਬਦਾਲੀ ਨੇ ਸੁਜਾਅਉਦੌਲਾ ਨੂੰ ਇਸ਼ਾਰਾ ਕੀਤਾ ਤੇ ਉਹ ਆਪਣੀ ਚਾਲੀ ਹਜ਼ਾਰ ਰਾਖਵੀਂ ਖੜ੍ਹੀ ਫੌਜ ਲੈ ਕੇ ਰਣ ਤੱਤੇ ਵਿਚ ਆ ਗਿਆ। ਤਾਜ਼ਾ ਦਮ ਸੈਨਾ ਦੇ ਆ ਜਾਣ ਕਰਕੇ ਅਫਗਾਨਾਂ ਵਿਚ ਨਵੀਂ ਰੂਹ ਫੂਕੀ ਗਈ। ਵਿਸ਼ਵਾਸ ਰਾਓ ਹਾਥੀ ਤੋਂ ਉਤਰ ਕੇ ਮੈਦਾਨ ਵਿਚ ਆ ਗਿਆ। ਭਾਵੇਂ ਜੋਸ਼ ਦੀ ਕੋਈ ਕਮੀ ਨਹੀਂ ਸੀ, ਪਰ ਸੀ ਤਾਂ ਉਹ ਬਾਲ ਹੀ। ਨਾ ਹੀ ਉਮਰ ਤੇ ਨਾ ਹੀ ਤਜ਼ਰਬਾ। ਜੋਸ਼ ਨੂੰ ਜਾਬਤੇ ਵਿਚ ਰੱਖਣ ਵਾਲਾ ਹੋਸ਼ ਹੈ ਹੀ ਨਹੀਂ ਸੀ। ਜਲਦੀ ਹੀ ਇਕ ਅਫਗਾਨ ਗੋਲੀ ਉਸ ਦਾ ਮੱਥਾ ਪਾੜ ਗਈ।

ਵਿਸ਼ਵਾਸ ਰਾਓ ਦੀ ਸ਼ਹੀਦੀ ਦੇਖ ਕੇ ਸਦਾ ਸ਼ਿਵ ਨੂੰ ਹੋਰ ਰੋਹ ਚੜ੍ਹ ਗਿਆ ਤੇ ਉਸ ਦੀ ਤਲਵਾਰ ਵਿਚੋਂ ਅੱਗ ਨਿਕਲਣ ਲੱਗੀ। ਹੁਣ ਤੱਕ ਸਾਰੇ ਮਰਾਠੇ ਸਰਦਾਰ ਤੇ ਸੈਨਾਪਤੀ ਜਾਂ ਤਾਂ ਜ਼ਖਮੀ ਹੋ ਚੁੱਕੇ ਸਨ ਤੇ ਜਾਂ ਚਲਾਣਾ ਕਰ ਗਏ ਸਨ।

ਸਮੁੰਦਰ ਦੀ ਇਕ ਵੱਡੀ ਛੱਲ ਵਾਂਗ ਸਦਾ ਸ਼ਿਵ ਅੱਗੇ ਵਧਦਾ ਜਾ ਰਿਹਾ ਸੀ। ਕੁਝ ਸਮੇਂ ਮਗਰੋਂ ਉਹ ਅਫਗਾਨਾਂ ਦੇ ਇਕ ਸੰਘਣੇ ਝੁੰਡ ਵਿਚ ਪਹੁੰਚ ਗਿਆ। ਸ਼ਸਤਰ ਉਸ ਦੇ ਹੱਥੋਂ ਡਿੱਗ ਪਿਆ ਤੇ ਛੇ ਸੱਤ ਕਾਬਲੀ ਬਰਛੇ ਉਸ ਦੇ ਸੀਨੇ ਤੋਂ ਪਾਰ ਹੋ ਗਏ। ਪਰ ਫੇਰ ਵੀ ਸਦਾ ਸ਼ਿਵ ਅੰਤਮ ਸੁਆਸ ਤੱਕ ਲੜਦਾ ਰਿਹਾ।

ਵਿਸ਼ਵਾਸ ਰਾਓ ਤੇ ਸਦਾ ਸ਼ਿਵ ਦੇ ਮਾਰੇ ਜਾਣ 'ਤੇ ਮਰਾਠਾ ਫੌਜ ਵਿਚ ਭਗਦੜ ਮੱਚ ਗਈ। ਆਗੂ ਵਿਹੂਨ ਫੌਜ ਨੂੰ ਸੇਧ ਦੇਣ ਵਾਲਾ ਕੋਈ ਨਾ ਬਚਿਆ ਤੇ ਉਹ ਹਰਫਲ ਕੇ ਪਿੱਛੇ ਭੱਜ ਪਈ। ਹੁਣ ਤਾਂ ਅਫਗਾਨਾਂ ਨੇ ਮਾਨੋ ਵਾਢੀ ਧਰ ਲਈ।

ਪਾਨੀਪਤ ਵਿਚ ਦੋ ਲੱਖ ਦੇ ਕਰੀਬ ਆਦਮੀ ਇਕ ਦਿਨ ਵਿਚ ਹੀ ਮਾਰੇ ਗਏ। ਹਾਥੀ, ਘੋੜੇ, ਊਠਾਂ ਦੀ ਗਿਣਤੀ ਤਾਂ ਕਿਨ ਕਰਨੀ ਸੀ। ਦੋ ਵਿਚੋਂ ਡੇਢ ਲੱਖ ਦੇ ਕਰੀਬ ਮਰਾਠਾ ਸੈਨਾ ਮਾਰੀ ਗਈ ਸੀ। ਮਰਾਠਿਆਂ ਦਾ ਪਾਨੀਪਤ ਵਿਚ ਐਸਾ ਲੱਕ ਟੁੱਟਾ ਕਿ ਉਹ ਕਦੇ ਦੁਬਾਰਾ ਪੈਰਾਂ ਸਿਰ ਨਾ ਹੋ ਸਕੇ। ਭੱਜੇ ਜਾਂਦੇ ਮਰਾਠਿਆਂ ਨੂੰ ਤਾਂ ਲਾਲਚ ਵੱਸ ਕਈ ਥਾਈਂ ਖਲਕਤ ਨੇ ਵੀ ਘੇਰ ਕੇ ਮਾਰਿਆ।

ਅਬਦਾਲੀ ਨੇ ਮਰਾਠਿਆਂ ਦਾ ਬਚਿਆ ਸਾਰਾ ਡੇਰਾ ਲੁੱਟ ਲਿਆ। ਜਿਸ ਵਿਚ ਪੰਜਾਹ ਲੱਖ ਨਕਦ ਤੋਂ ਬਿਨਾ ਵੀਹ ਲੱਖ ਦੀ ਕੀਮਤ ਦੇ ਸੋਨੇ ਚਾਂਦੀ ਦੇ ਬਰਤਨ ਸਨ, ਜਿਹਨਾਂ ਵਿਚ ਮਰਾਠੇ ਸਰਦਾਰ ਜੰਗ ਦੌਰਾਨ ਵੀ ਭੋਜਨ ਕਰਦੇ ਸਨ।

141 / 351
Previous
Next