

ਲੁੱਟਿਆ ਖਜ਼ਾਨਾ ਤੇ ਦੋ ਮਹੀਨੇ ਦੇ ਕਰੀਬ ਦਿੱਲੀ ਵਿਚ ਮਚਾਈ ਲੁੱਟ ਨਾਲ ਲੱਦਿਆ ਹੋਇਆ ਕਾਫਲਾ ਲੈ ਕੇ ਅਬਦਾਲੀ ਸਤਲੁਜ 'ਤੇ ਪਹੁੰਚਿਆ। ਸਤਲੁਜ ਤੱਕ ਪਹੁੰਚਦਿਆਂ ਉਸ ਦੀ ਲੁੱਟ ਦੇ ਮਾਲ ਵਿਚ ਵਾਧਾ ਹੁੰਦਾ ਰਿਹਾ ਸੀ, ਪਰ...
“ਪਰ ਕੀ ". ਇੰਦਰਜੀਤ ਬੋਲਿਆ।
"ਪਰ ਇਹ ਕਿ ਹੁਣ ਉਹ ਸਤਲੁਜ ਪਾਰ ਕਰ ਗਿਆ ਸੀ", ਕਹਿੰਦਿਆਂ ਬਾਬਾ ਉੱਠਿਆ ਤੇ ਦਰਿਆ ਕਿਨਾਰੇ ਖੜ੍ਹੇ ਸਿੰਘਾਂ ਕੋਲ ਚਲਾ ਗਿਆ।
ਦਰਿਆ ਕੋਲੋਂ ਕੁਝ ਖੜਕੇ ਦੀ ਆਵਾਜ਼ ਆਈ ਸੀ। ਜਾਪਦਾ ਸੀ ਜਿਵੇਂ ਕੋਈ ਬੇੜੀਆਂ ਦੇ ਚੱਪੂ ਚੱਲ ਰਹੇ ਹੋਣ। ਸ਼ਾਇਦ ਬਾਬਾ ਵੀ ਉਸੇ ਆਵਾਜ਼ ਨੂੰ ਸੁਣ ਕੇ ਓਧਰ ਗਿਆ ਸੀ। ਸਿੰਘਾਂ ਨੇ ਮਸਾਲਾਂ ਬਾਲ ਕੇ ਦਰਿਆ ਦੇ ਕਈ ਪਾਸੀਂ ਦੇਖਿਆ, ਪਰ ਕੁਝ ਨਜ਼ਰ ਨਹੀਂ ਆਇਆ।
“ਸ਼ਾਇਦ ਦੁਸ਼ਮਨ ਦੇ ਸੂਹੀਏ ਹੋਣ ?" ਮੇਰੇ ਮਨ ਵਿਚ ਖਿਆਲ ਆਇਆ।
“ਏਡੇ ਜੋਗੇ ਨਹੀਂ ਉਹ ਕਿ ਰਾਤ ਨੂੰ ਦਰਿਆ ਪਾਰ ਕਰਕੇ ਸਾਡੇ 'ਤੇ ਹਮਲਾ ਕਰ ਸਕਣ", ਮੈਂ ਹਜੇ ਸੋਚ ਹੀ ਰਿਹਾ ਸੀ ਕਿ ਸਾਡੇ ਮਗਰ ਖਲੋਤਾ ਨਿਹੰਗ ਸਿੰਘ ਬੋਲਿਆ। ਹੋ ਸਕਦੈ ਉਸ ਨੇ ਮੇਰੇ ਚਿਹਰੇ ਦੀ ਪ੍ਰੇਸ਼ਾਨੀ ਪੜ੍ਹ ਲਈ ਹੋਵੇ।
