

ਹੁੰਦਾ ਸੀ, ਪਰ ਖੱਚਰਾਂ, ਘੋੜੇ, ਊਠ ਤਾਂ ਹੋਰ ਲੱਦੇ ਜਾਣੇ ਸਨ, ਉਹਨਾਂ ਖੁਸ਼ ਕਿਉਂ ਹੋਣਾ ਸੀ। ਪਰ ਸਤਲੁਜ ਦੇਖਦਿਆਂ ਹੀ ਅਫਗਾਨ ਲਸ਼ਕਰ ਤੇ ਭਾਰ ਚੋਣ ਵਾਲੇ ਜਾਨਵਰਾਂ ਦੇ ਚਿਹਰਿਆਂ ਦੇ ਹਾਵ ਭਾਵ ਬਦਲਣ ਲੱਗਦੇ। ਜਾਨਵਰਾਂ ਦੇ ਚਿਹਰਿਆਂ 'ਤੇ ਰੌਣਕ ਪਰਤ ਆਉਂਦੀ ਤੇ ਲਸ਼ਕਰ ਦੇ ਚਿਹਰਿਆਂ ਦੇ ਰੰਗ ਪੀਲੇ ਪੈਣ ਲੱਗਦੇ।
..ਤੇ ਸਤਲੁਜ ਦੇ 'ਇਸ' ਪਾਰ ਆਉਂਦਿਆਂ, ਸਿੰਘਾਂ ਦੇ ਪਹਿਲੇ ਹੱਲੇ ਤੋਂ ਹੀ ਭਾਰ ਚੁੱਕਣ ਵਾਲੇ ਜਾਨਵਰ ਆਪਣੇ ਆਪ ਨੂੰ ਸੌਖਾ ਹੁੰਦਾ ਮਹਿਸੂਸ ਕਰਦੇ। ਪਹਿਲਾਂ ਝਨਾਂ, ਫੇਰ ਜਿਹਲਮ ਤੇ ਫੇਰ ਅਟਕ ਤੀਕ ਜਾਂਦਿਆਂ ਤਾਂ ਉਹ ਹੌਲੇ ਫੁੱਲ ਹੋ ਜਾਂਦੇ । ਅਫਗਾਨ ਖੱਚਰਾਂ, ਊਠ ਜਮਨਾ ਪਾਰ ਵਾਲਿਆਂ ਨੂੰ ਜਿਆਦਾ ਪਸੰਦ ਨਹੀਂ ਕਰਦੇ ਸਨ, ਜਿਹੜੇ ਸਭ ਕੁਝ ਅਬਦਾਲੀ ਲਈ ਹੀ ਇਕੱਠਾ ਕਰਦੇ ਸਨ। ਪਰ ਚੱਕਣਾ ਤਾਂ ਇਹਨਾਂ ਵਿਚਾਰੇ ਬੇਜ਼ੁਬਾਨਾਂ ਨੂੰ ਪੈਂਦਾ ਸੀ। ਅਬਦਾਲੀ ਦੇ ਸਭ ਦੁਸ਼ਮਨਾ ਵਿਚੋਂ ਸਿੰਘ ਉਹਨਾਂ ਦੇ ਮਨ ਭਾਉਂਦੇ ਸਨ। ਉਹਨਾਂ ਕੋਲ ਕੁਝ ਅਜਿਹਾ ਨਹੀਂ ਹੁੰਦਾ ਸੀ, ਜੋ ਦੁਰਾਨੀ ਖੋਹ ਕੇ ਲਿਜਾ ਸਕਦੇ। ਉਹਨਾਂ ਕੋਲ ਤਾਂ ਬਸ ਸਿਦਕ ਤੇ ਜਜ਼ਬਾ ਸੀ ਤੇ ਇਹ ਕੋਈ ਉਹਨਾਂ ਤੋਂ ਖੋਹ ਨਹੀਂ ਸਕਦਾ ਸੀ।
ਅਬਦਾਲੀ ਨੇ ਸਤਲੁਜ ਪਾਰ ਕੀਤਾ। ਪਿਛਲੇ ਕਈ ਸਾਲਾਂ ਵਾਲਾ ਉਹੋ ਵਰਤਾਰਾ ਸ਼ੁਰੂ ਹੋਇਆ। ਸਿੰਘਾਂ ਨੇ ਲੁੱਟਿਆ ਮਾਲ ਲੁੱਟਣਾ ਸ਼ੁਰੂ ਕੀਤਾ। ਸਤਲੁਜ ਤੋਂ ਝਨਾਂ ਤੀਕ ਉਹਨਾਂ ਅਬਦਾਲੀ 'ਤੇ ਕਈ ਹਮਲੇ ਕਰ ਦਿੱਤੇ ਸਨ ਤੇ ਵਾਧੂ ਖਜ਼ਾਨਾ ਆਪਣੇ ਡੇਰਿਆਂ 'ਤੇ ਦੋ ਲਿਆ।
ਪਰ ਐਤਕੀਂ ਕੁਝ ਵੱਖਰਾ ਵੀ ਵਾਪਰ ਰਿਹਾ ਸੀ। ਐਤਕੀ ਅਬਦਾਲੀ ਦੇ ਲਸ਼ਕਰ ਵਿਚੋਂ ਚੀਕਾਂ ਦੀਆਂ ਤੇ ਰੋਣ ਕੁਰਲਾਉਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਹਰ ਵਾਰ ਜਦ ਸਿੰਘਾਂ ਨੇ ਅਫਗਾਨਾਂ 'ਤੇ ਹੱਲਾ ਕੀਤਾ ਤਾਂ ਉਹਨਾਂ ਦੇ ਹਰ ਜੱਥੇ ਨੇ ਇਹ ਆਵਾਜ਼ਾਂ ਸੁਣੀਆਂ।
" ਆਖਰ ਇਹ ਕੌਣ ਨੇ, ਜੋ ਏਨਾ ਰੋ ਕੁਰਲਾ ਰਹੇ ਨੇ", ਕਈ ਵਾਰ ਸਿੰਘਾਂ ਲੁੱਟ ਭੁੱਲ ਕੇ ਉਹਨਾਂ ਆਵਾਜ਼ਾਂ ਨੂੰ ਸੁਣਦੇ ਰਹਿਣਾ।
"ਕੀ ਅਫਗਾਨ ਲਸ਼ਕਰ ਵਿਚੋਂ ਇਹ ਆਵਾਜ਼ਾਂ ਸਤਲੁਜ ਪਾਰ ਕਰਨ ਮਗਰੋਂ ਹੀ ਆਉਣੀਆਂ ਸ਼ੁਰੂ ਹੋਈਆਂ ਸਨ?", ਬਾਬਾ ਸਾਡੇ ਵੱਲ ਦੇਖਦਾ ਚਲਿਆ।