

"ਕੀ ਘੱਗਰ ਤੋਂ ਪਿੱਛੇ ਕਿਸੇ ਨੂੰ ਇਹ ਆਵਾਜ਼ਾਂ ਨਹੀਂ ਸੁਣੀਆਂ?
ਕੀ ਜਮਨਾ ਤੋਂ ਸਤਲੁਜ ਤੀਕ ਸਭ ਰਾਜੇ ਰਜਵਾੜੇ ਮਰ ਚੁੱਕੇ ਸਨ, ਜੋ ਕਿਸੇ ਨੂੰ ਇਹ ਕੂਕ ਪੁਕਾਰ ਸੁਣਾਈ ਨਹੀਂ ਦਿੱਤੀ?"
ਅਸੀਂ ਚੁੱਪ ਚਾਪ ਬਾਬੇ ਦੇ ਇਹਨਾਂ ਸਵਾਲਾਂ ਨੂੰ ਸੁਣ ਰਹੇ ਸਾਂ ਤੇ ਆਪਣੇ ਅੰਦਰ ਇਹਨਾਂ ਦੇ ਜਵਾਬ ਵੀ ਟੋਲ ਰਹੇ ਸਾਂ, ਫੇਰ ਬਾਬਾ ਬੋਲਿਆ,
"ਗੱਲਾਂ ਦੋਹੇਂ ਹੋ ਸਕਦੀਆਂ ਨੇ..
"ਦੋਹੇਂ ਕਿਵੇਂ ?", ਅਸੀਂ ਹੈਰਾਨ ਹੁੰਦਿਆਂ ਪੁੱਛਿਆ।
"ਜਮਨਾ ਤੋਂ ਸਤਲੁਜ ਤੀਕ ਦੀ ਧਰਤੀ ਨੂੰ ਅਬਦਾਲੀ ਦਾ ਖੌਫ ਵੱਢ ਵੱਢ ਖਾ ਰਿਹਾ ਸੀ। ਅਬਦਾਲੀ ਦੀਆਂ ਤੋਪਾਂ ਦੀ ਗੂੰਜ ਨੇ ਸਭ ਬੋਲੇ ਕਰ ਦਿੱਤੇ ਸਨ ਤੇ ਉਹ ਕੋਈ ਐਸੀ ਆਵਾਜ਼ ਨਹੀਂ ਸੁਣ ਰਹੇ ਸਨ, ਜਿਸ ਨਾਲ ਉਹਨਾਂ ਨੂੰ ਅਬਦਾਲੀ ਦਾ ਵਿਰੋਧ ਸਹਿਣਾ ਪਵੇ...
' ਤੇ ਦੂਜੀ ?"
"ਦੂਜੀ ਇਹ ਕਿ ਰੋਣ ਵਾਲੇ ਸ਼ਾਇਦ ਜਾਣਦੇ ਜਾਂ ਜਾਣਦੀਆਂ ਸਨ ਕਿ ਸਤਲੁਜ ਤੋਂ ਪਹਿਲਾਂ ਉਹਨਾਂ ਦੀਆਂ ਚੀਕਾਂ ਕਿਸੇ ਨੇ ਨਹੀਂ ਸੁਣਨੀਆਂ.. ਉਹਨਾਂ ਦੇ ਮੁਕਤੀ ਦਾਤੇ ਤਾਂ ਸਤਲੁਜ ਤੋਂ ਏਧਰ ਬੈਠੇ ਸਨ। ਸੋ ਹੋ ਸਕਦੈ ਉਹਨਾਂ ਨੇ ਸਤਲੁਜ ਪਾਰ ਕਰਕੇ ਹੀ ਰੋਣਾ ਕੁਰਲਾਉਣਾ ਸ਼ੁਰੂ ਕੀਤਾ ਹੋਵੇ... "
"ਵਾਹ", ਸਾਡੇ ਤਿੰਨਾ ਵਿਚੋਂ ਤਾਂ ਕੋਈ ਨਹੀਂ ਬੋਲਿਆ, ਪਰ ਆਵਾਜ਼ ਸਾਡੇ ਕਿਤੇ ਨੇੜਿਓ ਹੀ ਆਈ ਸੀ।
ਇਹ ਰੋਣ ਦੀਆਂ ਆਵਾਜ਼ਾਂ ਉਹਨਾਂ ਕੁੜੀਆਂ ਦੀਆਂ ਸਨ, ਜਿਹਨਾਂ ਨੂੰ ਅਬਦਾਲੀ ਲੁੱਟ ਦੇ ਸਮਾਨ ਦੇ ਨਾਲ ਹੀ ਗਾਈਆਂ ਮੱਝਾਂ ਵਾਂਗ ਹੱਕ ਲਿਆਇਆ ਸੀ। ਸਾਰੇ ਰਾਹ ਕਿਸੇ ਹਿੰਦੋਸਤਾਨੀ ਯੋਧੇ ਦੀ ਹਿੰਮਤ ਨਹੀਂ ਪਈ ਕਿ ਉਹਨਾਂ ਦੇ ਹੱਕ ਵਿਚ ਕੋਈ ਹਾਅ ਦਾ ਨਾਅਰਾ ਵੀ ਮਾਰ ਦੇਵੇ।
ਪਰ ਪੰਥ ਪੰਥ ਕਿਸੇ ਹੋਰ ਮਿੱਟੀ ਦਾ ਬਣਿਆਂ ਹੋਇਆ ਸੀ।
ਪੰਥ ਖਾਲਸੇ ਨੇ ਇਹਨਾਂ ਕੁੜੀਆਂ ਦੀ ਬੰਦ ਖਲਾਸੀ ਲਈ ਰਾਤ ਨੂੰ ਜੁੜ ਬੈਠਣ ਦਾ ਨਿਰਣਾ ਕੀਤਾ। ਅਗਲੇ ਦਿਨ ਵਿਸਾਖੀ ਸੀ ਤੇ ਖਾਲਸੇ ਦਾ ਦੀਵਾਨ ਅਕਾਲ ਬੁੰਗੇ ਉੱਤੇ ਲੱਗਣਾ ਸੀ। ਜਦ ਸਾਰੇ ਮੁਖੀ ਸਰਦਾਰ ਦੀਵਾਨ ਦੀ ਸਮਾਪਤੀ ਮਗਰੋਂ ਜੁੜ ਬੈਠੇ ਤਾਂ ਕੁਝ ਲੋਕਾਂ ਦੇ ਰੌਲੇ ਦੀ ਆਵਾਜ਼ ਉਹਨਾਂ ਤੀਕ ਪਹੁੰਚੀ।