Back ArrowLogo
Info
Profile

ਵਿਚੋਂ ਅਬਦਾਲੀ ਸਾਨੂੰ ਹੱਕਦਾ ਲੈ ਆਇਆ, ਪਰ ਕੋਈ ਸਾਡੀ ਮੁਕਤੀ ਲਈ ਨਾ ਬਹੁੜਿਆ ਤੇ ਹੁਣ ਜਦ ਅਸੀਂ ਵਾਪਸ ਪਰਤਾਂਗੀਆਂ ਤਾਂ ਹੋ ਸਕਦਾ ਹੈ ਕਿ ਸਾਨੂੰ ਅਫਗਾਨਾਂ ਦੇ ਪਿੰਜਰਿਆਂ ਵਿਚ ਕੈਦੀ ਦੇਖ ਕੇ ਛੱਡ ਜਾਣ ਵਾਲੇ ਸਾਡੇ ਪਿਉ, ਭਰਾ, ਪਤੀ ਸਾਡੀ ਵਾਪਸ ਪਰਤਦੀਆਂ ਦੀ ਅਗਨੀ ਪ੍ਰੀਖਿਆ ਲੈਣ। ਅਸੀਂ ਪਠਾਨਾ ਦੀ ਕੈਦ ਵਿਚ ਸਾਂ... ਸੋ ਸੋ ਗੱਲਾਂ ਕੀਤੀਆਂ ਜਾਣਗੀਆਂ ਬਚ ਕੇ ਮੁੜੀਆਂ ਨੂੰ ਸ਼ਾਬਾਸ਼ ਨਹੀਂ ਜ਼ਿੱਲਤ ਮਿਲੇਗੀ... ਅਸੀਂ ਪਿੱਛੇ ਨਹੀਂ ਪਰਤਨਾ ਖਾਲਸਾ ਜੀ... ਅਸੀਂ ਬੀਬੀ ਅਮਰ ਕੌਰ ਨਾਲ ਰਹਿਣਾ ਹੈ ਤਾਂ ਕਿ ਜੇ ਏਸ ਜਨਮ 'ਚ ਨਹੀਂ ਤਾਂ ਅਗਲੇ ਵਿਚ ਤਾਂ ਜਰੂਰ ਉਸ ਦਲੇਰੀ ਤੇ ਦ੍ਰਿੜਤਾ ਨੂੰ ਛੋਹ ਸਕੀਏ,

" ਤੁਹਾਡੀ ਭਾਵਨਾ ਦੀ ਸਾਨੂੰ ਕਦਰ ਹੈ। ਪਰ ਤੁਸੀਂ ਇਹ ਗੱਲ ਸਦਾ ਚੇਤੇ ਰੱਖਿਓ ਕਿ ਤੁਸੀਂ ਖਾਲਸੇ ਦੀਆਂ ਭੈਣਾ ਹੋ ਅਸੀਂ ਤੁਹਾਨੂੰ ਵੈਰੀਆਂ ਕੋਲੋਂ ਛੁਡਵਾ ਸਕਦੇ ਹਾਂ ਤਾਂ ਤੁਹਾਡੇ ਘਰੀਂ ਵਸਾ ਵੀ ਸਕਦੇ ਹਾਂ. ਕੋਈ ਤੁਹਾਡੀ 'ਵਾ ਵੱਲ ਵੀ ਨਹੀਂ ਦੇਖ ਸਕਦਾ ਕੋਈ ਤੁਹਾਡੇ 'ਤੇ ਉਂਗਲ ਤਾਂ ਕੀ ਅੱਖ ਵੀ ਨਹੀਂ ਚੱਕ ਸਕਦਾ... ਸਿੰਘ ਆਪ ਤੁਹਾਡੇ ਨਾਲ ਜਾਣਗੇ ਤੇ ਤੁਹਾਨੂੰ ਸੁਰੱਖਿਆ ਨਾਲ ਘਰੋ ਘਰੀਂ ਛੱਡ ਕੇ ਆਉਣਗੇ... ", ਸਰਦਾਰ ਜੱਸਾ ਸਿੰਘ ਬੋਲੇ।

ਕੁੜੀਆਂ ਦੇ ਜੱਥੇ ਉਹਨਾਂ ਦੇ ਦੇਸਾਂ ਨੂੰ ਤੋਰੇ ਜਾਣ ਲੱਗੇ । ਸਿੰਘਾਂ ਦੀ ਇਕ ਟੁਕੜੀ ਹਰ ਜੱਥੇ ਨਾਲ ਜਾਂਦੀ। ਸਿੰਘਾਂ ਦਾ ਵਤੀਰਾ ਇੰਝ ਹੁੰਦਾ ਜਿਵੇਂ ਤੀਆਂ ਮਗਰੋਂ ਵੀਰ ਆਪਣੀਆਂ ਭੈਣਾ ਨੂੰ ਪੇਕੀਂ ਛੱਡਣ ਆਏ ਹੋਣ। ਜਦ ਵੀ ਕਿਸੇ ਕੁੜੀ ਨੂੰ ਉਸਦੇ ਘਰ ਛੱਡਿਆ ਜਾਂਦਾ, ਸਿੰਘ ਉਸ ਦਾ ਸਿਰ ਪਲੋਸ ਕੇ ਪਿਆਰ ਦਿੰਦੇ ਤੇ ਨਾਲ ਹੀ ਆਖਦੇ,

“ਤੂੰ ਸਾਡੀ ਭੈਣ ਹੈਂ ਇਹ ਗੱਲ ਯਾਦ ਰੱਖੀਂ ਭਰਾਵਾਂ ਦਾ ਆਸਰਾ ਬਹੁਤ ਵੱਡਾ ਹੁੰਦਾ ਹੈ... ਜਦੋਂ ਵੀ ਜਿੱਥੇ ਵੀ ਲੋੜ ਪਈ ਖਾਲਸੇ ਨੂੰ ਚੇਤੇ ਕਰ ਲਈ..."

ਕਈ ਪਿੰਡਾਂ ਦੀਆਂ ਜੂਹਾਂ ਵਿਚ ਜਦ ਖਾਲਸੇ ਦੇ ਘੋੜੇ ਦਿਖਾਈ ਦਿੰਦੇ ਤਾਂ ਪਿੰਡ ਵਾਸੀ ਜਾਂ ਪਿੰਡ ਦੀਆਂ ਡਰੀਆਂ ਹੋਈਆਂ ਤੀਵੀਆਂ ਬੂਹੇ ਭੇੜ ਲੈਂਦੀਆਂ ਤਾਂ ਸਿੰਘਾਂ ਨਾਲ ਆਈਆਂ ਕੁੜੀਆਂ ਉੱਚੀ ਉੱਚੀ ਆਵਾਜ਼ ਵਿਚ ਬੋਲਦੀਆਂ,

"ਆਏ ਨੀ ਨਿਹੰਗ ਬੂਹੇ ਖੋਲ੍ਹ ਦਿਓ ਨਿਸੰਗ"

158 / 351
Previous
Next