

ਸਿਕਾ ਜਦ ਦਰ ਜਹਾਂ ਬਫਜਲਿ ਅਕਾਲ॥
"ਕੀ ਕਹਿ ਰਿਹਾ ਸੀ ਉਹ... ਹਜ਼ਾਰਾਂ ਕੁੜੀਆਂ ਛੁਡਵਾ ਲਈਆਂ... ਕੀ ਇਹ ਸੱਚ ਹੈ...", ਅਬਦਾਲੀ ਆਪਣੇ ਸੈਨਾਪਤੀਆਂ ਨੂੰ ਪੁੱਛ ਰਿਹਾ ਸੀ। ਪਰ ਸੈਨਾਪਤੀ ਚੁੱਪ ਖਲੋਤੇ ਹੋਏ ਸਨ। ਉਹ ਤਾਂ ਰਾਤ ਵਾਲੇ ਵਰਤਾਰੇ ਨੇ ਹੀ ਕੰਬਾ ਦਿੱਤੇ ਸਨ ਤੇ ਅੱਜ ਜਦੋਂ ਉਹਨਾਂ ਆਪਣੇ ਸਾਹਮਣੇ ਭਾਈ ਹਾਠੂ ਸਿੰਘ, ਭਾਈ ਬਾਘ ਸਿੰਘ ਜਹੇ ਸੂਰਮੇ ਸਿੱਖਾਂ ਨੂੰ ਸ਼ੇਰਾਂ, ਹਾਥੀਆਂ ਨਾਲ ਲੜਦੇ ਦੇਖਿਆ ਤਾਂ ਉਹਨਾਂ ਦੀ ਤਾਂ ਸੁਰਤ ਹੀ ਬੌਂਦਲ ਗਈ ਸੀ। ਸਿੰਘ ਉਹਨਾਂ ਦੀ ਕੈਦ ਵਿਚੋਂ ਹਜ਼ਾਰਾਂ ਕੁੜੀਆਂ ਨੂੰ ਛੁਡਵਾ ਕੇ ਲੈ ਗਏ ਤੇ ਅਫਗਾਨ ਦੇਖਦੇ ਹੀ ਰਹਿ ਗਏ।
ਅਸਲ ਵਿਚ ਦੁਰਾਨੀਆਂ ਦਾ ਡਰ ਜਾਇਜ਼ ਵੀ ਸੀ।
ਬਹਾਦਰ ਮਰਾਠਿਆਂ ਨੂੰ ਬੁਰੀ ਤਰ੍ਹਾਂ ਹਰਾ ਕੇ ਆਈ ਅਬਦਾਲੀ ਸੈਨਾ ਭਾਵੇਂ ਪੂਰੀ ਤਰ੍ਹਾਂ ਥੱਕੀ ਟੁੱਟੀ ਹੋਈ ਸੀ, ਪਰ ਜਿੱਤ ਦਾ ਹੰਕਾਰ ਤਾਂ ਫੇਰ ਵੀ ਸਿਰ ਚੜ੍ਹਿਆ ਹੋਇਆ ਸੀ। ਹਿੰਦੋਸਤਾਨ ਵਿਚ ਉਹਨਾਂ ਦੇ ਅੱਗੇ ਖਲੋਣ ਵਾਲਾ ਕੋਈ ਬਚਿਆ ਹੀ ਨਹੀਂ ਸੀ। ਮਰਾਠਿਆਂ ਜਹੀਂ ਸਭ ਤੋਂ ਤਾਕਤਵਰ ਸਲਤਨਤ ਨੂੰ ਦੁਰਾਨੀ ਲੜਾਕਿਆਂ ਨੇ ਦਰੜ ਕੇ ਰੱਖ ਦਿੱਤਾ ਸੀ, ਹੁਣ ਹੋਰ ਕੌਣ ਉੱਠ ਸਕਦਾ ਸੀ ਉਹਨਾਂ ਵਿਰੁੱਧ ਹਿੰਦੋਸਤਾਨ ਵਿਚ। ਪਰ ਅਫਗਾਨ ਏਥੇ ਵੱਡਾ ਟਪਲਾ ਖਾ ਗਏ। ਉਹਨਾਂ ਦੇ ਚੇਤਿਆਂ ਵਿਚੋਂ ਵਿਸਰ ਗਿਆ ਕਿ ਦਿੱਲੀ ਵੱਲ ਜਾਂਦੀ ਅਫਗਾਨ ਸੈਨਾ ਨੂੰ ਵੀ ਸਿੰਘਾਂ ਨੇ ਕਈ ਥਾਈਂ ਲੁੱਟਿਆ ਸੀ, ਸੋ ਵਾਪਸ ਮੁੜਦਿਆਂ ਨੂੰ ਸੁੱਕੇ ਕਿਵੇਂ ਜਾਣ ਦਿੰਦੇ।
ਮਸਾਂ... ਬਸ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਹੀ ਨਹੀਂ ਆਏ... ਮਸਾ ਡਿੱਗਦਾ ਢਹਿੰਦਾ ਅਬਦਾਲੀ ਕਾਬਲ ਪੁੱਜਿਆ। ਐਤਕੀਂ ਸਿੰਘਾਂ ਨੇ ਪੰਜਾਬ ਲੰਘਦੇ ਅਬਦਾਲੀ ਦੀ ਭਿਆ ਕਰਵਾ ਦਿੱਤੀ ਤੇ ਬੁਰੀ ਤਰ੍ਹਾਂ ਥੱਕਿਆ ਟੁੱਟਿਆ ਕਾਬਲ ਪਹੁੰਚਿਆ। ਸਿੰਘਾਂ ਉਸ ਦਾ ਲਗਭਗ ਸਾਰਾ ਮਾਲ ਖਜ਼ਾਨਾ ਲੁੱਟ ਲਿਆ, ਕੈਦ ਕੀਤੀਆਂ ਕੁੜੀਆਂ ਛਡਵਾ ਲਈਆਂ। ਦਿੱਲੀ ਪਾਨੀਪਤ ਤੋਂ ਨੱਚਦੀ ਆਈ ਅਫਗਾਨ ਫੌਜ ਅਫਗਾਨਿਸਤਾਨ ਪਹੁੰਚਦਿਆਂ ਤਕ ਉਦਾਸੀ ਵਿਚ ਡੁੱਬ ਚੁੱਕੀ ਸੀ।
...ਤੇ ਇਸ ਸੋਗ ਦਾ ਕਾਰਨ ਪੰਜਾਬ ਸੀ।