

ਅਬਦਾਲੀ ਬੈਠਾ ਸੋਚ ਰਿਹਾ ਸੀ,
"ਕਿੰਨੀ ਜੱਦੋ ਜਹਿਦ ਨਾਲ ਅਸੀਂ ਮਰਾਠੇ ਹਰਾਏ, ਦਿੱਲੀ ਉੱਤੇ ਮੁੜ ਅਫਗਾਨਾਂ ਦਾ ਪਰਚਮ ਝੁਲਾਇਆ. ਹਿੰਦੋਸਤਾਨੀ ਰਾਜਿਆਂ ਰਜਵਾੜਿਆਂ ਨੂੰ ਅਫਗਾਨ ਤਲਵਾਰਾਂ ਦਾ ਲੋਹਾ ਮਨਵਾਇਆ... ਸਾਰਾ ਹਿੰਦੋਸਤਾਨ ਆਪਣੇ ਕਦਮਾਂ ਵਿਚ ਝੁਕਾਇਆ.
..ਤੇ ਸੋਚਦਾ ਸੋਚਦਾ ਉਹ ਕੋਲ ਬੈਠੇ ਸ਼ਾਹਵਲੀ ਨੂੰ ਪੁੱਛਣ ਲੱਗਾ,
“ਅਠਾਰਾਂ ਮਹੀਨੇ ਤੋਂ ਵੀ ਵੱਧ ਸਮਾ ਲੱਗ ਗਿਆ ਸਾਨੂੰ ਦਿੱਲੀ ਪਾਨੀਪਤ ਫਤਹਿ ਕਰਨ ਵਿਚ... ਕਿ ਨਹੀਂ..?”
"ਜੀ ਹਜ਼ੂਰ... ਇਸ ਤੋਂ ਵੀ ਕੁਝ ਵੱਧ", ਸ਼ਾਹਵਲੀ ਬੋਲਿਆ।
' ਤੇ ਚਾਰ ਦਿਨ ਵੀ ਨਹੀਂ ਲੱਗੇ ਸਿੰਘਾਂ ਨੂੰ ਸਾਡੀ ਜਿੱਤ ਉਹਨਾਂ ਪੂਰੀ ਤਰ੍ਹਾਂ ਮਿੱਟੀ ਵਿਚ ਰੋਲ ਦਿੱਤੀ...', ਅਬਦਾਲੀ ਫੇਰ ਸੋਚਣ ਲੱਗਾ, " ਅਫਗਾਨਾਂ ਦੀਆਂ ਸਾਰੀਆਂ ਖੁਸ਼ੀਆਂ ਉਹਨਾਂ ਨੇ ਗਮੀਆਂ ਵਿਚ ਬਦਲ ਦਿੱਤੀਆਂ "
ਏਨੇ ਨੂੰ ਇਕ ਸੂਹੀਆ ਆਇਆ ਤੇ ਬੋਲਿਆ,
"ਜਾਨ ਬਖਸ਼ੀ ਹੋਵੇ ਹਜ਼ੂਰ ਤਾਂ ਇਕ ਬੁਰੀ ਖਬਰ ਹੈ...", ਡਰਦਿਆਂ ਉਸ ਨੇ ਸ਼ਾਹ ਤੋਂ ਖਬਰ ਸੁਣਾਉਣ ਦੀ ਪ੍ਰਵਾਨਗੀ ਮੰਗੀ।
"ਆਦਤ ਪੈ ਗਈ ਹੈ ਹੁਣ ਤਾਂ ਕਿ ਜਦ ਜਦ ਵੀ ਪੰਜਾਬ ਲੰਘਾਂਗੇ ਤਾਂ ਬੁਰੀਆਂ ਖਬਰਾਂ ਨਾਲ ਵਾਹ ਪੈਂਦਾ ਹੀ ਰਹੇਗਾ...", ਉਦਾਸੀ ਵਿਚ ਅਬਦਾਲੀ ਬੋਲਿਆ। ਸੂਹੀਏ ਲਈ ਇਹ ਪ੍ਰਵਾਨਗੀ ਹੀ ਸੀ।
"ਸਿਖਾਂ ਨੇ ਮਹਾਲ ਦੇ ਫੌਜਦਾਰ ਮਿਰਜ਼ਾ ਜਾਨ ਨੂੰ ਮਾਰ ਦਿੱਤਾ ਹੈ ਹਜ਼ੂਰ.."
"ਹੈਅਅਅ... ਇਹ ਕਦ ਹੋਇਆ", ਆਪਣੇ ਆਸਨ ਤੋਂ ਉੱਠਦਾ ਅਬਦਾਲੀ ਬੋਲਿਆ।
“ਜਦ ਉਹਨਾਂ ਸਿੰਧ ਤੋਂ ਸਾਡਾ ਪਿੱਛਾ ਛੱਡਿਆ ਤਾਂ ਪਿੱਛੇ ਮੁੜਦਿਆਂ ਇਹ ਕਾਰਾ ਕੀਤਾ...
"ਕੌਣ ਸੀ... ?”, ਐਤਕੀ ਅਬਦਾਲੀ ਦੀ ਆਵਾਜ਼ ਵਿਚ ਥਕਾਵਟ ਸੀ। ਇਹ ਅਬਦਾਲੀ ਸ਼ਾਹਵਲੀ ਤੇ ਸੂਹੀਏ ਨੂੰ ਉਹ ਨਹੀਂ ਜਾਪ ਰਿਹਾ ਸੀ ਜੋ ਜਦ ਹਜੇ ਅਟਕ ਹੀ ਪਹੁੰਚਦਾ ਸੀ ਤੇ ਦਿੱਲੀ ਇਸਤਿਕਬਾਲ ਲਈ ਝੁਕ ਵੀ ਜਾਂਦੀ ਸੀ। ਇਹ ਤਾਂ ਕੋਈ ਹਾਰਿਆ ਹੋਇਆ ਐਸਾ ਬਾਦਸ਼ਾਹ ਜਾਪ ਰਿਹਾ ਸੀ ਜਿਸ ਦਾ ਸਭ ਕੁਝ ਲੁੱਟਿਆ ਪੁੱਟਿਆ ਗਿਆ ਹੋਵੇ।