

ਨਾਲ ਦੇਣਾ ਚਾਹੁੰਦਾ ਸੀ, ਸੋ ਹਮਲੇ ਦੀ ਤਿਆਰੀ ਕਰਨ ਲੱਗਾ।
ਏਨੇ ਨੂੰ ਪਿੱਛੋਂ ਤੇਜ਼ੀ ਨਾਲ ਘੋੜਾ ਭਜਾਈ ਆਉਂਦਾ ਇਕ ਅਫਗਾਨ ਸੂਹੀਆ ਦਿਖਾਈ ਦਿੱਤਾ। ਉਸ ਨੇ ਉਬੈਦ ਖਾਨ ਕੋਲ ਆ ਕੇ ਘੋੜਾ ਰੋਕਿਆ ਤੇ ਹਫਦਾ ਹੋਇਆ ਬੋਲਿਆ,
"ਦਲ ਖਾਲਸਾ ਹਜ਼ੂਰ... ਦਲ ਖਾਲਸਾ..
"ਕੀ ਕਹਿ ਰਿਹੈਂ... ਆਰਾਮ ਨਾਲ ਦੱਸ"
"ਆਰਾਮ ਦਾ ਸਮਾਂ ਨਹੀਂ ਹਜ਼ੂਰ, ਪਿੱਛੋਂ ਦਲ ਖਾਲਸਾ ਚੜਿਆ ਆ ਰਿਹੈ.. '
ਅਸਲ ਵਿਚ ਗੁਜ਼ਰਾਂਵਾਲੇ ਦੇ ਘੇਰੇ ਦੀ ਖਬਰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਪਹੁੰਚ ਗਈ ਸੀ। ਉਹਨਾਂ ਨੇ ਤੁਰੰਤ ਸਰਦਾਰ ਜੈ ਸਿੰਘ ਕਨ੍ਹਈਏ, ਹਰੀ ਸਿੰਘ ਭੰਗੀ ਤੇ ਲਹਿਣਾ ਸਿੰਘ ਭੰਗੀ ਨੂੰ ਸੁਨੇਹਾ ਲਾਇਆ ਤੇ ਸਾਰੇ ਦਲ ਨੇ ਗੁਜ਼ਰਾਂਵਾਲੇ ਨੂੰ ਘੋੜੇ ਦੌੜਾ ਦਿੱਤੇ।
..ਤੇ ਉੱਤੋਂ ਖਾਲਸੇ ਦੇ ਤੁਰੰਗਾਂ ਦੀ ਤੇਜ਼ੀ। ਪਲਾਂ ਵਿਚ ਹੀ ਸਭ ਸਰਦਾਰ ਗੁਜ਼ਰਾਂਵਾਲੇ ਪਹੁੰਚ ਗਏ।
ਸੂਹੀਆ ਹਜੇ ਖਬਰ ਖੋਲ੍ਹ ਕੇ ਦੱਸ ਹੀ ਰਿਹਾ ਸੀ ਕਿ ਉਬੈਦ ਖਾਨ ਨੂੰ ਪਿੱਛੋਂ ਖਾਲਸੇ ਦੇ ਘੋੜਿਆਂ ਦੀਆਂ ਉੱਡਦੀ ਧੂੜ ਨਜ਼ਰ ਪਈ। ਉਸ ਦੇ ਹੋਸ਼ ਉੱਡ ਗਏ। ਅਬਦਾਲੀ ਤੋਂ ਸ਼ਾਬਾਸ਼ ਲੈਂਦਾ ਲੈਂਦਾ ਉਹ ਤਾਂ ਆਪਣੀ ਜਾਨ ਹੀ ਬਿਪਤਾ ਵਿਚ ਪਾ ਬੈਠਾ ਸੀ। ਉਸ ਨੇ ਕੋਈ ਜੋੜ ਘਟਾਓ ਨਹੀਂ ਦੇਖੇ ਤੇ ਆਪਣੀ ਫੌਜ ਨੂੰ ਲਾਹੌਰ ਪਹੁੰਚਣ ਦਾ ਹੁਕਮ ਸੁਣਾ ਦਿੱਤਾ।
"ਜਲਦੀ ਨਾਲ ਸਾਰੀ ਫੌਜ ਨੂੰ ਲਾਹੌਰ ਲੈ ਆਓ...", ਉਹ ਇਕ ਫੌਜਦਾਰ ਨੂੰ ਬੋਲਿਆ ਤੇ ਆਪਣਾ ਘੋੜਾ ਭਜਾ ਦਿੱਤਾ। “..
ਸਾਡੀਆਂ ਤੋਪਾਂ, ਜੰਬੂਰੇ, ਜੰਜ਼ੈਲਾਂ ਹਜ਼ੂਰ..", ਮਗਰੋਂ ਫੌਜਦਾਰ ਬੋਲਦਾ ਹੀ ਰਹਿ ਗਿਆ, ਪਰ ਉਬੈਦ ਖਾਨ ਨੂੰ ਕੁਝ ਸੁਣਾਈ ਨਾ ਦਿੱਤਾ।
"ਛੇਤੀ ਨਾਲ ਲਾਹੌਰ ਪਹੁੰਚੋ ਲਾਹੌਰ ਦੀ ਰਾਖੀ ਡਲਿਆਂ ਢੀਮਾਂ ਨਾਲ ਕਰਨੀ ਹੈ... " ਤੋਪਖਾਨਾ ਉਸੇ ਤਰ੍ਹਾਂ ਛੱਡ ਕੇ ਜਾਣ ਨੂੰ ਮਜ਼ਬੂਰ ਫੌਜਦਾਰ ਬੋਲਿਆ। ਪਰ ਉਹ ਕੀ ਕਰ ਸਕਦੇ ਸਨ। ਜਦ ਹਾਕਮ ਹੀ ਹੁਕਮ ਲਾ ਗਿਆ ਸੀ।
ਇਸ ਤੋਂ ਪਹਿਲਾਂ ਕਿ ਦਲ ਖਾਲਸਾ ਹੱਲਾ ਬੋਲਦਾ, ਸਾਰੀ ਲਾਹੌਰੀ ਫੌਜ ਗੁਜ਼ਰਾਂਵਾਲੇ ਤੋਂ ਤਿੱਤਰ ਹੋ ਗਈ। ਅਫਗਾਨਾਂ ਦੀਆਂ ਛੋਟੀਆਂ ਤੋਪਾਂ, ਜੰਜ਼ੈਲਾਂ, ਜੰਬੂਰੇ ਸਭ ਸਿੰਘਾਂ ਦੇ ਹੱਥ ਲੱਗ ਗਏ।