

ਸ਼ਾਇਦ ਉਹ ਵੀ ਸਾਡੇ ਵਾਂਗ ਸਰਦਾਰ ਜੱਸਾ ਸਿੰਘ ਪ੍ਰਤੀ ਹੋਈਆਂ ਭਵਿੱਖ ਬਾਣੀਆਂ ਬਾਰੇ ਸੋਚਣ ਲੱਗ ਪਿਆ ਸੀ।
"ਘੋੜਿਆਂ ਦੀ ਸੇਵਾ ਕਰਦੇ ਇਸੇ ਬਾਲ ਉੱਪਰ ਕਲਗੀਧਰ ਸੱਚੇ ਪਾਤਸ਼ਾਹ, ਮਾਤਾ ਸੁੰਦਰੀ ਜੀ ਤੇ ਸਮੁੱਚੇ ਖਾਲਸਾ ਪੰਥ ਦੀ ਮਿਹਰ ਦੀ ਨਿਗਾਹ ਹੋਣ ਕਰਕੇ ਇਕ ਦਿਨ ਇਹ ਕੌਮ ਦਾ ਸੁਲਤਾਨ ਸਦਵਾਇਆ। "
ਮੈਨੂੰ ਬਾਬੇ ਦੇ ਪਹਿਲਾਂ ਕਹੇ ਬੋਲ ਯਾਦ ਆ ਰਹੇ ਸਨ।
"ਧੰਨ ਜੱਸਾ ਸਿੰਘ ਤੇ ਧੰਨ ਧੰਨ ਜੱਸਾ ਸਿੰਘ ਦੀ ਮਾਤਾ", ਬਹੁਤ ਕੁਝ ਚੱਲ ਰਿਹਾ ਸੀ ਅੰਦਰ, ਕਿੰਨੀਆਂ ਹੋਰ ਗੱਲਾਂ ਕਰਨਾ ਚਾਹੁੰਦਾ ਸੀ ਪਰ ਮੇਰੇ ਤੋਂ ਹੋਰ ਕੁਝ ਨਹੀਂ ਬੋਲਿਆ ਗਿਆ।
ਬਾਬੇ ਨੇ ਕਥਾ ਅੱਗੇ ਤੋਰੀ।
"ਤੁਹਾਡਾ ਬਾਲ ਗੁਰੂ ਕਾ ਲਾਲ ਹੋਏਗਾ"
"ਤੇਰੀ ਸੰਤਾਨ ਅੱਗੇ ਚੋਬਦਾਰ ਚੱਲਿਆ ਕਰਨਗੇ"
" ਮੈਂ ਕੁਝ ਕੁ ਘੋੜਿਆਂ ਦੀ ਲਿੱਦ ਚੱਕਦਾ ਹੁੰਦਾ ਸੀ ਤੇ ਮੈਨੂੰ ਪੰਥ ਨੇ ਨਵਾਬ ਬਣਾ ਦਿੱਤਾ ਤੇ ਤੂੰ ਤਾਂ ਸਾਰੇ ਘੋੜਿਆਂ ਨੂੰ ਦਾਣਾ ਵਰਤਾਉਂਦਾ ਹੈਂ, ਹੋ ਸਕਦੈ ਪੰਥ ਤੈਨੂੰ ਪਾਤਸ਼ਾਹ ਹੀ ਬਣਾ ਦੇਵੇ"
ਤਖ਼ਤ 'ਤੇ ਬੈਠੇ ਸਰਦਾਰ ਜੱਸਾ ਸਿੰਘ ਨੂੰ ਕਲਗੀਧਰ ਪਾਤਸ਼ਾਹ, ਮਾਤਾ ਸੁੰਦਰੀ ਜੀ ਤੇ ਨਵਾਬ ਕਪੂਰ ਸਿੰਘ ਦੇ ਕਹੇ ਬੋਲ ਯਾਦ ਆ ਰਹੇ ਸਨ। ਮਹਾਰਾਜ ਦੇ ਸ਼ੁਕਰਾਨੇ ਵਜੋਂ ਉਹਨਾਂ ਮਹਾਰਾਜ ਦੇ ਨਾਮ ਸਿੱਕਾ ਜਾਰੀ ਕਰਨ ਬਾਰੇ ਸਿੰਘਾਂ ਨਾਲ ਸਲਾਹ ਕੀਤੀ।
“ਸਿਕੇ ਦੀ ਇਬਾਰਤ ਕੀ ਹੋਵੇਗੀ?"
"ਉਹੀ ਜੋ ਬਾਬਾ ਬੰਦਾ ਸਿੰਘ ਜੀ ਨੇ ਮੋਹਰ ਉਪਰ ਖੁਨਵਾਈ ਸੀ", ਸਰਦਾਰ ਜੱਸਾ ਸਿੰਘ ਬੋਲੇ।
ਲਾਹੌਰ ਦੀ ਸਰਕਾਰੀ ਟਕਸਾਲ ਵਿਚੋਂ ਅਫਗਾਨਾ ਦੇ ਸਿੱਕੇ ਬਣਨੇ ਬੰਦ ਕਰ ਦਿੱਤੇ ਗਏ ਤੇ ਨਵੇਂ ਸਿੱਕੇ ਦੀ ਖੁਨਵਾਈ ਲਈ ਕੰਮ ਸ਼ੁਰੂ ਕੀਤਾ ਗਿਆ।
ਖਾਲਸੇ ਦੇ ਸਿੱਕੇ ਦੀ ਇਬਾਰਤ ਸੀ,
“ਦੇਰੀ ਤੇਗੋ ਫਤਹ ਨੁਸਰਤ ਬੇਦਿਰੰਗ
ਯਾਫ਼ਤਜ਼ ਨਾਨਕ ਗੁਰੂ ਗੋਬਿੰਦ ਸਿੰਘ॥"