

ਮਰਨ ਮੰਗੈਂ ਸਿੰਘ ਸੋ ਕਤ ਡਰੈ॥
ਗੁਰਦਾਸ ਨੰਗਲ ਨੂੰ ਘੇਰਾ ਪਿਆ ਕਈ ਮਹੀਨੇ ਬੀਤ ਗਏ ਸਨ ਤੇ ਆਖਰ ਬਾਬਾ ਜੀ ਤੇ ਉਹਨਾਂ ਦੇ ਸਾਥੀ ਸਿੰਘ ਮੁਗਲਾਂ ਨੇ ਬੰਦੀ ਬਣਾ ਲਏ । ਅੱਠ ਮਹੀਨੇ ਦਾ ਘੇਰਾ, ਭਾਵੇਂ ਕਾਫੀ ਲੰਬਾ ਚਲਾ ਗਿਆ ਸੀ ਤੇ ਮੁਗਲਾਂ ਦਾ ਜਾਨੀ ਮਾਲੀ ਨੁਕਮਾਨ ਵੀ ਕਾਫੀ ਹੋ ਗਿਆ ਸੀ, ਪਰ ਫੇਰ ਵੀ ਜ਼ਕਰੀਏ ਤੇ ਉਸ ਦੇ ਬਾਪ ਅਬਦੁਸਮਦ ਖਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਸੀ ਕਿ ਅੰਤ ਨੂੰ 'ਬੰਦਾ' ਉਹਨਾਂ ਦੀ ਗ੍ਰਿਫਤ ਵਿਚ ਸੀ।
ਸਿੰਘਾਂ ਦੇ ਸਸ਼ਤਰ ਜਾਂ ਤਾਂ ਖੁੰਢੇ ਹੋ ਚੁੱਕੇ ਸਨ ਤੇ ਜਾਂ ਨਕਾਰਾ ਹੋ ਕੇ ਟੁੱਟ ਗਏ ਸਨ। ਜਦ ਤੀਕ ਕਿਸੇ ਇਕ ਵੀ ਸਿੰਘ ਦੀ ਦੇਹ ਵਿਚ ਰਤਾ ਜਿੰਨੀ ਵੀ ਤਾਕਤ ਬਚੀ ਰਹੀ ਸੀ, ਮੁਗਲ ਗੜ੍ਹੀ ਵਿਚ ਦਾਖਲ ਨਹੀਂ ਹੋ ਸਕੇ। ਸਿੰਘਾਂ ਦੇ ਪਿੰਡ ਸੁੱਕੇ ਰੁੱਖਾਂ ਵਾਂਗ ਹੋ ਚੁੱਕੇ ਸਨ। ਬਹੁਤੇ ਸਿੰਘ ਤਾਂ ਗੜ੍ਹੀ ਦੇ ਵਿਹੜੇ ਵਿਚ ਹੀ ਡਿੱਗੇ ਪਏ ਸਨ। ਉਹਨਾਂ ਦਾ ਰਸਦ ਪਾਣੀ ਮੁੱਕਿਆਂ ਨੂੰ ਵੀ ਕਈ ਮਹੀਨੇ ਹੋ ਚੁੱਕੇ ਸਨ। ਘਾਹ, ਪੱਤੇ ਆਖਰ ਕਿੰਨਾ ਕੁ ਚਿਰ ਬਚਦੇ। ਰੁੱਖਾਂ ਦਾ ਸੱਕ ਵੀ ਲਾਹ ਕੇ ਖਾਧਾ। ਸੁੱਕੀਆਂ ਲੱਕੜਾਂ ਆਟੇ ਵਾਂਗ ਪੀਹ ਕੇ ਛਕੀਆਂ। ਮਰ ਚੁੱਕੇ ਜਾਨਵਰ ਵੀ ਕੱਚੇ ਹੀ ਖਾ ਲਏ। ਏਥੋਂ ਤੱਕ ਕੇ ਕੁਝ ਸਿੰਘਾਂ ਨੇ ਆਪਣੇ ਪੱਟਾਂ ਵਿਚੋਂ ਮਾਸ ਕੱਟ ਕੇ ਵੀ ਖਾਧਾ।
ਹੁਣ ਮੁਗਲਾਂ ਹੱਥ ਤਾਂ ਸਿੰਘਾਂ ਦੇ ਸਿਰਫ ਪਿੰਜਰ ਲੱਗਣੇ ਸਨ, ਪਰ ਉਹਨਾਂ ਨੂੰ ਇਸ ਗੱਲ ਦੀ ਵੀ ਖੁਸ਼ੀ ਸੀ ਕਿ ਚਲੋ ਕੁਝ ਵੀ ਸਹੀ ਦਿੱਲੀ ਦਰਬਾਰ ਨੂੰ ਦਿਖਾਉਣ ਲਈ ਤੇ ਸੱਚੇ ਹੋਣ ਜੋਗਾ ਦੁਸ਼ਮਨ ਤਾਂ ਮਿਲ ਹੀ ਜਾਵੇਗਾ।
ਪਰ...
"ਇਹ ਕੀ ਸਿਰਫ ਏਨੇ ਕੁ ਸਿੰਘ... ਇਹਨਾਂ ਮੁੱਠੀ ਭਰ ਕਾਫਰਾਂ ਲਈ ਅਸੀਂ ਅੱਠ ਮਹੀਨੇ ਦਾ ਘੇਰਾ ਪਾਈ ਰੱਖਿਆ ?", ਜ਼ਕਰੀਏ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਤੇ ਮੁਗਲਾਂ ਦੀ ਗੜ੍ਹੀ ਜਿੱਤ ਲੈਣ ਦੀ ਖੁਸ਼ੀ ਪਲਾਂ ਵਿਚ ਹੀ ਉਡਾਰੀ ਮਾਰ ਗਈ। ਉਹਨਾਂ ਦੇ ਤਾਂ ਚਿਹਰੇ ਸਗੋਂ ਪੀਲੇ ਪੈ ਗਏ ਸਨ।