

ਕੰਮ ਨਾ ਆਏ ਤਾਂ ਮਗਰੋਂ ਰੰਗੜ ਕੇ ਫੋਟੋ 'ਤੇ ਲਾਉਣਾ ਹੈ. ", ਸਰਦਾਰ ਚੜ੍ਹਤ ਸਿੰਘ ਰੋਹ ਵਿਚ ਸੀ।
ਪਟਿਆਲੇ ਵਾਲਿਆਂ ਦੇ ਵਕੀਲ ਸੱਦੇ ਗਏ। ਦਰਾਜ ਪਿੰਡ ਦੇ ਭਾਇਕਿਆਂ ਦਾ ਵਕੀਲ ਭਾਈ ਸੰਗੂ ਸਿੰਘ, ਜਿਸ ਦਾ ਗੁਰੂ ਘਰ ਨਾਲ ਬਹੁਤ ਪ੍ਰੇਮ ਸੀ। ਦੂਜਾ, ਆਲਾ ਸਿੰਘ ਦਾ ਕੋਤਵਾਲ ਸੇਖੂ ਸਿੰਘ, ਜਿਸ ਦਾ ਪਿੰਡ ਹੰਭਲਵਾਲ ਸੀ ਤੇ ਤੀਜਾ ਵਕੀਲ ਘੁੱਦੇ ਵਾਲੇ ਭਾਈਕਿਆਂ ਦਾ ਭਾਈ ਬੁੱਢਾ ਸਿੰਘ ਸੀ। ਇਹ ਆਪਣੀਆਂ ਸੇਵਾਵਾਂ ਦੇਣ ਲਈ ਪੰਥ ਦੇ ਸਨਮੁਖ ਪੇਸ਼ ਹੋਏ।
"ਹੁਕਮ ਖਾਲਸਾ ਜੀ. ਆਪ ਜੀ ਜੋ ਵੀ ਸੇਵਾ ਬਖਸ਼ੋਗੇ, ਤਨਦੇਹੀ ਨਾਲ ਨਿਭਾਈ ਜਾਵੇਗੀ...", ਭਾਈ ਸੰਗੂ ਸਿੰਘ ਬੋਲੇ।
"ਤੁਸੀਂ ਭਾਈ ਵਹੀਰ ਦੇ ਮੂਹਰੇ ਲੱਗੋ, ਇਲਾਕੇ ਦੇ ਜਾਣੂ ਹੋ... ਐਸੀ ਬਿਪਤਾ ਵਿਚ ਜੂਝਦਿਆਂ ਹੋਇਆਂ ਜੇ ਅਸੀਂ ਸੁਰੱਖਿਅਤ ਠਾਹਰਾਂ ਦੇ ਰਾਹਾਂ ਤੋਂ ਵੀ ਬਿੜਕ ਗਏ ਤਾਂ ਵੱਧ ਨੁਕਸਾਨ ਹੋ ਜਾਊ। ਤੁਸੀਂ ਇਹਨਾਂ ਜੰਗਲਾਂ ਦੇ ਰਾਹਾਂ ਦੇ ਭੇਤੀ ਹੋ, ਸੋ ਰਾਹ ਦਸੇਰੇ ਬਣ ਕੇ ਅਗਵਾਈ ਕਰੋ... ", ਬਾਬਾ ਸ਼ਾਮ ਸਿੰਘ ਨੇ ਉਹਨਾਂ ਤਿੰਨਾਂ ਵਕੀਲਾਂ ਨੂੰ ਕਿਹਾ।
"ਸਤਿਬਚਨ ਖਾਲਸਾ ਜੀ...", ਕਹਿੰਦਿਆਂ ਤਿੰਨੇ ਵਕੀਲ ਗੁਰਮਾਂ ਪਿੰਡ ਨੂੰ ਹੋ ਤੁਰੇ।
ਉਹਨਾਂ ਆਪਣੇ ਨੇਜ਼ਿਆਂ ਨਾਲ ਨੀਲੇ ਕੱਪੜੇ ਬੰਨ੍ਹ ਲਏ ਤੇ ਉਹਨਾਂ ਨੂੰ ਨਿਸ਼ਾਨਾਂ ਵਾਂਗ ਬਣਾ ਲਿਆ। ਵਹੀਰ ਕੋਲ ਜਾ ਕੇ ਉਹਨਾਂ ਮੁਖੀ ਸਿੰਘਾਂ ਨੂੰ ਬੇਨਤੀ ਕੀਤੀ ਕਿ ਸਾਰਾ ਜੱਥਾ ਇਹਨਾਂ ਨਿਸ਼ਾਨਾਂ ਦੇ ਮਗਰ ਤੁਰਿਆ ਆਵੇ।
ਤਿੰਨਾਂ ਮਿਸਲਾਂ ਦੇ ਜੰਗੀ ਯੋਧਿਆਂ ਦੀ ਦੇਖ ਰੇਖ ਹੇਠ ਵਹੀਰ ਗੁਰਮਾਂ ਤੋਂ ਰਵਾਨਾ ਹੋਇਆ।
"ਖਾਲਸਾ ਜੀ...", ਦੂਰੋਂ ਤੇਜ਼ ਘੋੜਾ ਭਜਾਈ ਆਉਂਦੇ ਇਕ ਸਿੰਘ ਨੇ ਸਰਦਾਰ ਜੱਸਾ ਸਿੰਘ ਨੂੰ ਆਵਾਜ਼ ਮਾਰੀ। "ਕੀ ਹੋਇਆ ਸਿੰਘ ਜੀ ?"
"ਖਾਲਸਾ ਜੀ ਵਹੀਰ ਦੇ ਮੂਹਰਲੇ ਪਾਸਿਓ ਜ਼ੈਨੇ ਤੇ ਮਲੇਰ ਕੋਟੀਏ ਨੇ ਘੇਰਾ ਤੋੜ ਦਿੱਤਾ ਹੈ। ਉਹ ਸਿੰਘਾਂ ਦੇ ਟੱਬਰਾਂ ਉੱਤੇ ਟੁੱਟ ਕੇ ਪੈ ਗਏ ਹਨ ਤੇ ਲਾਸ਼ਾਂ ਦੇ ਢੇਰ ਲਾ ਰਹੇ ਹਨ . ਉਸ ਸਿੰਘ ਨੇ ਦੁਖਭਰੀ ਖਬਰ ਸੁਣਾਈ।