

ਬਿੱਧਣ ਰਾਤੀ ਆਈਆਂ ਮਰਦਾਂ ਘੋੜਿਆਂ॥
"ਅਸੀਂ ਏਥੇ ਹੀ ਰੁਕਦੇ ਹਾਂ ਖਾਲਸਾ ਜੀ ਤੇ ਅਬਦਾਲੀ ਨੂੰ ਅਟਕਾ ਕੇ ਰੱਖਦੇ ਹਾਂ... ਤੁਸੀਂ ਚਾਰ ਮਿਸਲਾਂ ਦੇ ਸਿੰਘ ਲੈ ਕੇ ਵਹੀਰ ਦੇ ਮੂਹਰਲੇ ਪਾਸੇ ਜਾਓ ਤੇ ਜ਼ੈਨੇ ਨੂੰ ਸਬਕ ਸਿਖਾਓ", ਸਰਦਾਰ ਚੜ੍ਹਤ ਸਿੰਘ ਨੇ ਸਰਦਾਰ ਜੱਸਾ ਸਿੰਘ ਨੂੰ ਕਿਹਾ।
ਬਿਨਾ ਦੇਰੀ ਲਾਏ ਸਰਦਾਰ ਜੱਸਾ ਸਿੰਘ ਤੇ ਬਾਬਾ ਸ਼ਾਮ ਸਿੰਘ ਨੇ ਆਪਣੇ ਜੰਗਜੂ ਸਿੰਘਾਂ ਨਾਲ ਵਹੀਰ ਵੱਲ ਨੂੰ ਚਾਲਾ ਪਾਇਆ। ਪਲਾਂ ਵਿਚ ਹੀ ਉਹਨਾਂ ਦੇ ਘੋੜੇ ਉੱਡਦੀ ਧੂੜ ਨੇ ਲੁਕੋ ਲਏ।
ਅਸਲ ਵਿਚ ਵਹੀਰ ਨੂੰ ਆਲੇ ਦੁਆਲਿਓ ਘੇਰ ਕੇ ਤੁਰਨ ਦਾ ਸੁਨੇਹਾਂ ਜਦ ਨੂੰ ਵਹੀਰ ਦੇ ਨਾਲ ਚੱਲ ਰਹੇ ਸਿੰਘਾਂ ਕੋਲ ਪਹੁੰਚਦਾ, ਓਦੋਂ ਨੂੰ ਤਾਂ ਜ਼ੈਨ ਖਾਂ ਤੇ ਭੀਖਨ ਖਾਨ ਦਾ ਲਸ਼ਕਰ ਚੜ੍ਹ ਆਇਆ ਸੀ। ਉਹ ਸਿੰਘਾਂ ਦੇ ਨਿਹੱਥੇ ਪਰਿਵਾਰਾਂ 'ਤੇ ਟੁੱਟ ਕੇ ਪੈ ਗਏ।
ਜ਼ੈਨ ਖਾਂ ਨੇ ਤਾਂ ਆਪਣੀ ਸਾਰੀ ਫੌਜ ਦੇ ਸਿਰਾਂ ਉੱਤੇ ਘਾਹ ਟੰਗਵਾਇਆ ਹੋਇਆ ਸੀ ਤਾਂ ਕਿ ਕਤਲੇਆਮ ਵੇਲੇ ਪਛਾਣ ਰਹੇ। ਉਹ ਤਾਂ ਇਹ ਧਾਹ ਕੇ ਹੀ ਆਏ ਸਨ ਕਿ ਕੋਈ ਸਿਖ ਜਿਉਂਦਾ ਨਹੀਂ ਛੱਡਣਾ ਤੇ ਜੇ ਕੋਈ ਉਹਨਾਂ ਦਾ ਖੈਰ ਖਵਾਹ ਟੱਕਰ ਗਿਆ, ਉਸ ਨੂੰ ਵੀ ਪਾਰ ਬੁਲਾ ਦੇਣਾ ਹੈ। ਸੋ ਕੋਈ ਭੁਲੇਖਾ ਨਾ ਪਵੇ, ਇਸ ਲਈ ਉਸ ਨੇ ਸਾਰੀ ਫੌਜ ਦੇ ਟੋਪਾਂ ਵਿਚ ਘਾਹ ਟੰਗਵਾ ਦਿੱਤਾ। ਸਰਹੰਦ ਵਾਲਿਆਂ ਦੀ ਫੌਜ ਨੂੰ ਦੇਖ ਕੇ ਮਲੇਰਕੋਟੀਏ ਭੀਖਨ ਖਾਂ ਦੀ ਫੌਜ ਨੇ ਵੀ ਇਸੇ ਤਰ੍ਹਾਂ ਕੀਤਾ।
ਹੁਣ ਜ਼ੈਨਾ ਤੇ ਭੀਖਨ ਖਾਂ ਆਪ ਸਿਖਾਂ ਦੇ ਦਲ ਵਿਚ ਘੁਸਪੈਠ ਕਰ ਆਏ ਤੇ ਲੱਗੇ ਨਿਹੱਥਿਆਂ ਦੇ ਆਹੂ ਲਾਹੁਣ।
"ਜੱਸਾ ਸਿੰਘ ਜਨਾਬ ਜੱਸਾ ਸਿੰਘ ", ਤਲਵਾਰਾਂ ਦੇ ਸ਼ੋਰ ਵਿਚ ਇਕ ਪਠਾਨ ਦੇ ਬੋਲ ਸੁਣਾਈ ਦਿੱਤੇ, “ਨਾਲ ਸ਼ਾਮ ਸਿੰਘ ਵੀ ਹਜ਼ੂਰ ਸ਼ਾਮ ਸਿੰਘ ਨਾਰੋਵਾਲੀਆ....