

ਸਰਦਾਰ ਜੱਸਾ ਸਿੰਘ ਤੇ ਬਾਬਾ ਸ਼ਾਮ ਸਿੰਘ ਦਾ ਮੁਗਲ ਸਰਦਾਰਾਂ ਵਿਚ ਬਹੁਤ ਭੈਅ ਸੀ। ਜਥੇਦਾਰ ਬਾਬਾ ਸ਼ਾਮ ਸਿੰਘ ਬਾਰੇ ਤਾਂ ਅਫਗਾਨ ਦਲਾਂ ਵਿਚ ਇਹ ਗੱਲ ਮਸ਼ਹੂਰ ਦੀ ਕਿ ਉਹ ਬਿਨਾ ਕਿਸੇ ਸਸ਼ਤਰ ਤੋਂ ਹੀ ਕਈ ਯੋਧਿਆ ਨੂੰ ਪਾਰ ਬੁਲਾ ਸਕਦਾ ਹੈ।
ਹੋਇਆ ਇੰਝ ਕਿ 'ਕੇਰਾਂ ਸਰਹੰਦ ਵਾਲਿਆਂ ਦੀ ਇਕ ਫੌਜੀ ਟੁਕੜੀ ਗਸ਼ਤ ਕਰਦੀ ਕਰਦੀ ਬਿਆਸਾ ਕੋਲ ਆ ਗਈ। ਅੱਗੇ ਬਾਬਾ ਸ਼ਾਮ ਸਿੰਘ ਆਪਣੇ ਜੱਥੇ ਦੇ ਕੁਝ ਸਿੰਘਾਂ ਸਮੇਤ ਸ਼ਿਕਾਰ ਲਈ ਨਿਕਲੇ ਹੋਏ ਸਨ। ਦੋਹਾਂ ਟੁਕੜੀਆਂ ਦਾ ਸਾਹਮਣਾ ਹੋ ਗਿਆ। ਮੁਗਲ ਟੁਕੜੀ ਵਿਚ ਕੋਈ ਪੰਚੀ ਕੁ ਸਿਪਾਹੀ ਤੇ ਬਾਬਾ ਜੀ ਦੇ ਨਾਲ ਸਿਰਫ ਪੰਜ ਸਿੰਘ। ਮੁਗਲਾਂ ਨੂੰ ਆਪਣੀ ਗਿਣਤੀ ਉੱਤੇ ਮਾਣ ਤੇ ਬਾਬਾ ਜੀ ਹੁਣਾ ਨੂੰ ਆਪਣੇ ਸਿਦਕਾਂ ਉੱਤੇ।
"ਕਿਸ ਤਰ੍ਹਾਂ ਦਾ ਭੇੜ ਵੇਖਣਾ ਚਾਹੁੰਦੇ ਹੋ ", ਸਰਹੰਦ ਟੁਕੜੀ ਦਾ ਫੌਜਦਾਰ ਬੋਲਿਆ।
"ਤੁਸੀਂ ਸਾਡੇ ਮਹਿਮਾਨ ਹੋ ਪਹਿਲ ਤਾਂ ਤੁਹਾਡੀ ਬਣਦੀ ਹੈ... ", ਦੂਰ ਦੇਸਾਂ ਤੋਂ ਆਏ ਹੋ ਤੁਸੀਂ ਦੱਸੋ... ਬਾਬਾ ਸ਼ਾਮ ਸਿੰਘ ਮੁਸਕੁਰਾਉਂਦਿਆਂ ਬੋਲੇ।
"ਫੇਰ 'ਕੱਲੇ ਨਾਲ 'ਕੱਲਾ ਦੇਖ ਲੈਂਦੇ ਹਾਂ", ਫੌਜਦਾਰ ਬੋਲਿਆ।
"ਗੱਲ ਤਾਂ ਆਪਣੇ ਆਪਣੇ ਦੇਸ ਦੀ ਰੀਤ ਦੀ ਹੈ. ਸਾਡੇ 'ਕੱਲੇ ਨਾਲ 'ਕੱਲੇ ਦੀ ਰੀਤ ਹੀ ਨਹੀਂ। ਸਾਡੇ ਤਾਂ 'ਕੱਲੇ ਨਾਲ ਪੰਜ ਦੀ ਰੀਤ ਹੈ..
"ਇਹ ਵੀ ਠੀਕ ਹੈ। ਪੰਜੇ ਇਕੋ ਵਾਰੀ ਮਰਵਾ ਲਓਗੇ ਤਾਂ ਟੰਟਾ ਛੇਤੀ ਨਿੱਬੜ ਜਾਏਗਾ... ਸਾਡਾ 'ਕੱਲਾ ਸਗੋਂ ਤੁਹਾਡੇ ਪੰਜਾਂ ਨਾਲੋਂ ਤਕੜਾ ਹੈ...", ਅਫਗਾਨ ਫੌਜਦਾਰ ਸ਼ਾਇਦ ਨਵਾਂ ਨਵਾਂ ਪੰਜਾਬ ਆਇਆ ਸੀ, ਸੋ ਬਾਬਾ ਜੀ ਦੀ ਗੱਲ ਪੂਰੀ ਤਰ੍ਹਾਂ ਸਮਝਿਆ ਨਹੀਂ।
"ਨਾ ਨਾ ਤੁਸੀਂ ਸਮਝੇ ਨਹੀਂ ਤੁਸੀਂ ਪੰਜ ਆਓ. ਖਾਤਰਦਾਰੀ ਲਈ ਮੈਂ 'ਕੱਲਾ ਆਉਂਦਾ ਹਾਂ... ਤੁਸੀਂ ਪੱਚੀ ਅਸੀਂ ਛੇ ਦੇਖੋ ਸਾਡਾ ਇਕ ਫੇਰ ਵੀ ਵਧਦਾ ਹੈ " ਤੇ ਬਾਬਾ ਜੀ ਦੇ ਨਾਲ ਦੇ ਸਿੰਘ ਵੀ ਹੱਸਣ ਲੱਗ ਪਏ।
ਫੌਜਦਾਰ ਨੇ ਗੁੱਸਾ ਖਾ ਕੇ ਆਪਣੇ ਪੰਜ ਜੁਆਨ ਅੱਗੇ ਤੋਰੇ। ਬਾਬਾ ਸ਼ਾਮ ਸਿੰਘ ਏਧਰੋਂ ਅੱਗੇ ਵਧੇ। ਬਾਬਾ ਜੀ ਨੇ ਕਮਰਕਸੇ ਵਿਚੋਂ ਮਧਾਣੀ ਗੁਰਜ ਕੱਢਿਆ। ਐਸਾ ਸਸ਼ਤਰ ਤਾਂ ਪਠਾਨਾ ਨੇ ਦੇਖਿਆ ਹੀ ਪਹਿਲੀ ਵਾਰ ਸੀ।