

ਫੌਜੋ...", ਤੇ ਸਿੰਘ ਪਿੱਛੇ ਮੁੜ ਆਏ।
ਜੈਨੇ ਤੇ ਭੀਖਨ ਖਾਨ ਦੇ ਭੱਜ ਜਾਣ 'ਤੇ ਬਾਬਾ ਸ਼ਾਮ ਸਿੰਘ ਨੇ ਮੁੜ ਮਲਵਈ: ਸਿੰਘਾਂ ਨੂੰ ਬੁਲਾਇਆ। ਨੇਜ਼ਿਆਂ 'ਤੇ ਝੰਡੀਆਂ ਬੰਨ੍ਹੀ, ਉਹੀ ਤਿੰਨੇ ਵਕੀਲ ਅੱਗੇ ਆਏ ਤੇ ਵਹੀਰ ਦੇ ਮੂਹਰੇ ਹੋ ਤੁਰੇ।
ਕੁੱਪ ਵਾਲੇ ਸਥਾਨ 'ਤੇ ਸਰਦਾਰ ਚੜ੍ਹਤ ਸਿੰਘ ਬਾਕੀ ਸਿੰਘਾਂ ਨਾਲ ਡਟਿਆ ਹੋਇਆ ਸੀ। ਭਾਵੇਂ ਪਹਿਲੇ ਹਮਲਿਆਂ ਵਿਚ ਉਹਨਾਂ ਅਫਗਾਨਾਂ ਨੂੰ ਬੁਰੀ ਤਰ੍ਹਾਂ ਭਾਂਜ ਦਿੱਤੀ ਸੀ ਤੇ ਜੇ ਗੱਲ ਸਿਰਫ ਡਟ ਕੇ ਏਥੇ ਜੰਗ ਕਰਨ ਦੀ ਹੁੰਦੀ ਤਾਂ ਉਹ ਜਾਨਾਂ ਹੂਲ ਕੇ ਜੂਝਦੇ ਤੇ ਗਿਲਜਿਆਂ ਨੂੰ ਜਿਹਲਮ ਪਾਰ ਕਰਵਾ ਕੇ ਮੁੜਦੇ। ਪਰ ਵੱਡਾ ਫਿਕਰ ਪਰਿਵਾਰਾਂ ਨੂੰ ਸਹੀ ਸਲਾਮਤ ਬਚਾ ਕੇ ਘੇਰੇ ਤੋਂ ਪਾਰ ਲਿਜਾਣਾ ਸੀ। ਅਫਗਾਨਾਂ ਦੇ ਹਰਿਆਵਲ ਦਸਤੇ ਦੇ ਢਹਿ ਜਾਣ ਕਰਕੇ ਪਠਾਨ ਸੈਨਾ ਕੁਝ ਚਿਰ ਲਈ ਖਲੋ ਗਈ, ਹੋ ਸਕਦੈ ਅਗਲੀ ਨੀਤੀ ਘੜਦੇ ਹੋਣ, ਪਰ ਕਿੰਨਾ ਕੁ ਚਿਰ, ਕਿੰਨਾ ਕੁ ਚਿਰ ਉਹਨਾਂ ਇਸੇ ਤਰ੍ਹਾਂ ਖਲੋਤੇ ਰਹਿਣਾ ਸੀ। ਆਖਰ ਤਾਂ ਉਹਨਾਂ ਅੱਗੇ ਵਧਨਾ ਹੀ ਸੀ।
ਸਰਦਾਰ ਚੜ੍ਹਤ ਸਿੰਘ ਨੇ ਮੁਖੀ ਸਰਦਾਰਾਂ ਨਾਲ ਸਲਾਹ ਕਰਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਵੱਲ ਸੁਨੇਹਾਂ ਘਲਵਾਇਆ,
"ਖਾਲਸਾ ਜੀ, ਮੇਰੀ ਇਹ ਵਿਚਾਰ ਹੈ ਕਿ ਜਿਸ ਤਰ੍ਹਾਂ ਅਫਗਾਨਾਂ ਨੇ ਬਾਰ੍ਹਾਂ ਬਾਰ੍ਹਾਂ ਹਜਾਰ ਦੇ ਚਾਰ ਤੁੰਮਨ ਬਣਾਏ ਹਨ, ਅਸੀਂ ਵੀ ਚਾਰ ਮਿਸਲਾਂ ਦਾ ਇਕੱਠਾ ਇਕ ਥੰਨਾ ਬਣਾਈਏ। ਉਹਨਾਂ ਚਾਰਾਂ ਦੇ ਪਾਸਿਆਂ 'ਤੇ ਦੋ ਦੇ ਮਿਸਲਾਂ ਸਹਾਇਤਾ ਲਈ ਲਾਈਏ ਤਾਂ ਕਿ ਜਿਹੜਾ ਪਾਸਾ ਕਮਜ਼ੋਰ ਪਵੇ, ਉਸ ਪਾਸੇ ਮਦਦ ਪੁਚਾਈ ਜਾ ਸਕੇ। ਕਿਉਂ ਨਹੀਂ ਅਸੀਂ ਏਥੇ ਹੀ ਕੰਧ ਬਣ ਕੇ ਖਲੋ ਜਾਂਦੇ ਤੇ ਅਬਦਾਲੀ ਨਾਲ ਲੋਹਾ ਲੈ ਕੇ ਉਸ ਨੂੰ ਏਥੋਂ ਹੀ ਮੁੜਣ ਲਈ ਮਜ਼ਬੂਰ ਕਰਦੇ। ਮੇਰਾ ਖਾਲਸੇ ਪੰਥ ਨਾਲ ਕੌਲ ਹੈ ਕਿ ਜਿਸ ਪਾਸੇ ਵੀ ਮਦਦ ਚਾਹੀਦੀ ਹੋਵੇਗੀ, ਮੈਂ ਤੁਰੰਤ ਪਹੁੰਚਾਂਗਾ। ਮਦਦ ਲਈ ਰਾਖਵੀਆਂ ਮਿਸਲਾਂ ਦੀ ਅਗਵਾਈ ਮੈਂ ਕਰਾਂਗਾ ਤੇ ਜਿੱਥੇ ਵੀ ਅਫਗਾਨ ਭਾਰੇ ਪੈਂਦੇ ਹੋਏ, ਉਹਨਾਂ ਦੇ ਮੂੰਹ ਭੰਨਾਂਗਾ। ਅਫਗਾਨਾਂ ਦੇ ਅਰਬੀ ਘੋੜੇ ਤਾਂ ਹਜੇ ਵੀ ਸੌ ਸੌ ਕੋਹ ਹੋਰ ਚੱਲ ਲੈਣਗੇ, ਪਰ ਸਾਡੇ ਤਾਂ ਘੋੜੇ ਵੀ ਥੱਕਣ ਲੱਗੇ ਹਨ। ਅਫਗਾਨ ਹਨੇਰੀ ਵਾਂਗ ਸ਼ੂਕਦੇ ਆਉਂਦੇ ਹਨ, ਮੰਨਿਆਂ ਕਿ ਅਸੀਂ ਵੀ ਤੇਜ਼ ਵਰੋਲੇ ਬਣ ਕੇ ਉਹਨਾਂ ਨੂੰ ਕੁਝ ਠੱਲਦੇ ਹਾਂ, ਪਰ ਗਿਣਤੀ ਵਿਚ ਧਰਤੀ ਅੰਬਰ ਜਿੰਨਾ ਫਰਕ ਹੈ,