

ਵਾਲਾ ਕਥਾਕਾਰ ਕਥਾ ਨੂੰ ਕੋਈ ਹੋਰ ਮੁਲੰਮਾ ਚਾੜ੍ਹ ਕੇ ਕਿਸੇ ਬਾਲ ਨੂੰ ਸੁਣਾਏਗਾ ਤਾਂ ਇਸ ਵਿਚ ਭੋਲੇ ਬਾਲ ਦਾ ਕੀ ਕਸੂਰ। ਆਉਣ ਵਾਲੇ ਸਮੇਂ ਵਿੱਚ ਮੋਗਾ 'ਕਥਾਕਾਰਾਂ' ਦੀ ਭਰਮਾਰ ਹੋਏਗੀ, ਜੋ ਸਿਖ ਕਥਾ ਦਾ ਰੂਪ ਵਿਗਾੜਨ ਦੀ ਪੂਰੀ ਵਾਹ ਲਾਉਣਗੇ ... ਤੁਸੀਂ ਚੇਤੰਨ ਰਹਿਣਾ ਹੈ ਸ਼ੇਰੋ ਕਿਉਂਕਿ ਉਹਨਾਂ ਵਿਚੋਂ ਬਾਗੇ ਕਥਾਕਾਰ ਬਾਹਰੀ ਪਹਿਰਾਵੇ ਤੋਂ ਸਿਖ ਹੀ ਜਾਪਦੇ ਹੋਣਗੇ... ਉਹਨਾਂ ਸਮਿਆਂ ਵਿਚ ਸਿਖ ਕਥਾ ਦੀ ਰਾਖੀ ਵੀ ਤੁਸੀਂ ਬਿਬੇਕ ਨਾਲ ਕਰਨੀ ਹੈ। ਇਹੀ ਕਾਰਨ ਹੈ ਕਿ ਕੰਦੀ ਤੁਹਾਨੂੰ ਏਥੇ ਬਹਾ ਕੇ ਗਿਆ ਹੈ, ਜਿੱਥੇ ਇਕ ਐਸੀ ਕਥਾ ਜਨਮ ਲੈ ਰਹੀ ਹੈ, ਜਿਸ ਨੂੰ ਤੱਕ ਕੇ ਤੁਹਾਡਾ ਭਰੋਸਾ ਸਿਖ ਕਥਾ ਵਿਚ ਪ੍ਰਪੱਕ ਹੋਵੇਗਾ।"
"ਧੰਨ ਭਾਗ ਸਾਡੇ ਕਿ ਕਥਾ ਸੁਣਨ ਦੇ ਨਾਲ ਨਾਲ ਕਥਾ ਦੇ ਦਰਸ਼ਨ ਕਰਨ ਦਾ ਸੁਭਾਗ ਵੀ ਮਿਲੇਗਾ"
"ਤੁਸੀਂ ਸਿਰਫ ਦੇਖਣੀ ਸੁਣਨੀ ਹੀ ਨਹੀਂ, ਤੁਹਾਡੀ ਤਾਂ 'ਕੱਲੇ 'ਕੱਲੇ ਦੀ ਆਪਣੀ ਕਥਾ ਹੋਏਗੀ, ਜਿਸਨੂੰ ਸਿਖ ਮਾਵਾਂ ਆਪਣੇ ਬਾਲਾਂ ਨੂੰ ਸੁਣਾਇਆ ਕਰਨਗੀਆਂ, ਬਾਬਾ ਭੰਗੂ ਸਾਡੇ ਕੰਨੀਂ ਤੱਕਦਾ ਬੋਲਿਆ ਤੇ ਸਾਡੇ ਵਿਚੋਂ ਕਿਸੇ ਦੇ ਮੂੰਹੋਂ "ਵਾਹਿਗੁਰੂ" ਨਿਕਲਿਆ। ਮੈਂ ਆਪਣੀਆਂ ਬਾਹਵਾਂ 'ਤੇ ਹੱਥ ਫੇਰ ਕੇ ਖੜੇ ਹੋਏ ਲੂ ਕੰਡੇ ਨੂੰ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
"ਚਲੋ ਤੁਸੀਂ ਹੁਣ ਅਗਲੀ ਕਥਾ ਸੁਣੋ"
ਸ਼ੁਕਰਚੱਕੀਏ ਸਰਦਾਰ ਨਾਲ ਹੁਣ ਕਨ੍ਹਈਏ ਵੀ ਸਨ ਤੇ ਸ਼ਹੀਦੀ ਮਿਸਲ ਦੇ ਸਿਰਲੱਥ ਯੋਧੇ ਵੀ। ਜੇ ਕਹਿ ਲਓ ਕਿ ਪੰਥ ਦੇ ਸਿਰਮੌਰ ਸੂਰਮੇਂ ਸਿੰਘਾਂ ਵਿਚ ਇਹਨਾਂ ਦਾ ਸ਼ੁਮਾਰ ਹੁੰਦਾ ਸੀ ਤਾਂ ਕੋਈ ਅਤਕਥਨੀ ਨਹੀਂ।
ਚੌਵੀਂ ਹਜਾਰ ਪਠਾਨ ਤੁਰਿਆ ਤਾਂ ਅਬਦਾਲੀ ਦੀ ਸਾਰੀ ਲਗਭਗ ਤਿੰਨ ਲੱਖ ਫੌਜ ਨੇ ਉਹਨਾਂ ਨਾਲ ਕੁਝ ਕਦਮ ਚੁੱਕੇ। ਹਵਾ ਦਾ ਇਕ ਤੇਜ਼ ਬੁੱਲਾ ਸਿੰਘਾਂ ਵੱਲ ਆਇਆ, ਤੇਜ਼ ਜਿਵੇਂ ਹਨੇਰੀ ਪਿੱਪਲ ਦੇ ਪੱਤਿਆਂ ਨੂੰ ਉਡਾ ਕੇ ਲੈ ਜਾਂਦੀ। ਭਾਵੇਂ ਹਵਾ ਠੰਡੀ ਸੀ, ਪਰ ਜੰਗ ਦਾ ਸੇਕ ਇਸ ਵਿਚੋਂ ਮਹਿਸੂਸ ਕੀਤਾ ਜਾ ਰਿਹਾ ਸੀ। ਸਰਬੁਲੰਦ ਖਾਂ ਤੇ ਜਹਾਨ ਖਾਂ ਉੱਚੇ ਅਰਬੀ ਘੋੜਿਆਂ 'ਤੇ ਸਵਾਰ ਸਨ।
"ਜੇ ਅਬਦਾਲੀ ਆਪ ਇਸ ਜੰਗ ਵਿਚ ਆਣ ਲੱਥੇ ਤਾਂ ਸਾਡੇ ਮਨ ਦੀ ਹੋ ਜਾਏ ", ਸਰਦਾਰ ਜੈ ਸਿੰਘ ਵੱਲ ਦੇਖਦਿਆਂ ਸਰਦਾਰ ਚੜ੍ਹਤ ਸਿੰਘ। ਬੋਲਿਆ। ਉਸ ਨੂੰ ਅਬਦਾਲੀ 'ਤੇ ਰੋਹ ਚੜ੍ਹ ਰਿਹਾ ਸੀ।