

ਵੀ ਦੱਸ ਗਿਆ ਕਿ ਬਾਦਸ਼ਾਹ ਨਾਲ ਤਿੰਨ ਲੱਖ ਅਫਗਾਨ ਹੁੰਦੇ ਹੋਏ ਵੀ ਉਹ ਸਰਦਾਰ ਚੜ੍ਹਤ ਸਿੰਘ ਤੇ ਮੁੱਠੀ ਭਰ ਸਿੰਘਾਂ ਦਾ ਮੁਕਾਬਲਾ ਨਹੀਂ ਕਰ ਸਕੇ।
" ਦੂਜਿਆਂ ਨੂੰ ਕਹਿਣਾ ਸੌਖਾ ਹੀ ਹੁੰਦਾ ਹੈ ਕਿ ਲੜ ਕੇ ਲੋਹਾ ਲਓ ਸਵਾਦ ਤਾਂ ਫੇਰ ਹੈ ਜੇ ਆਪ ਪਤੰਦਰਾਂ ਦੇ ਮੂਹਰੇ ਹੋਵੇ ", ਵਾਪਸ ਮੁੜਦਾ ਹੋਇਆ ਜ਼ੈਨ ਖਾਂ ਭਾਵੇਂ ਅਬਦਾਲੀ 'ਤੇ ਗੁੱਸਾ ਵੀ ਕੱਢ ਰਿਹਾ ਸੀ ਪਰ ਨਾਲ ਨਾਲ ਸੁਖ ਦਾ ਸਾਹ ਵੀ ਲੈ ਰਿਹਾ ਸੀ। ਉਸ ਨੂੰ ਇਸੇ ਗੱਲ ਦਾ ਇਤਮਿਨਾਨ ਸੀ ਕਿ ਸ਼ੁਕਰ ਹੈ ਉਹ ਅਬਦਾਲੀ ਦੀ ਚਿੱਠੀ ਨਾਲ ਲੈ ਆਇਆ ਸੀ, ਨਹੀਂ ਤਾਂ ਅਬਦਾਲੀ ਨੇ ਪਤਾ ਨਹੀਂ ਕੈਸੀ ਸਜ਼ਾ ਦੇਣੀ ਸੀ।
ਆਪਣੀ ਫੌਜ ਕੋਲ ਪਹੁੰਚਦਿਆਂ ਜ਼ੈਨ ਖਾਂ ਨੇ ਭੀਖਨ ਖਾਂ ਨੂੰ ਸੱਦਾ ਭੇਜਿਆ।
"ਸ਼ਾਹ ਦਾ ਆਖਣਾ ਹੈ ਕਿ ਅਸੀਂ ਮੂਹਰਲੇ ਪਾਸਿਓ ਸਿੰਘਾਂ ਨਾਲ ਟੱਕਰ ਲਈਏ ਤੇ ਸੁਰੱਖਿਆ ਘੇਰੇ ਨੂੰ ਤੋੜੀਏ", ਜ਼ੈਨੇ ਨੇ ਭੀਖਨ ਖਾਂ ਨੂੰ ਅਬਦਾਲੀ ਦਾ ਸੁਨੇਹਾ ਦਿੱਤਾ।
"ਪਰ ਸਾਨੂੰ ਤਾਂ ਪਹਿਲਾਂ ਹੀ ਸਿੰਘਾਂ ਨੇ ਮੈਦਾਨ ਵਿਚੋਂ ਭਜਾਇਆ ਹੈ... ਸਾਡੀਆਂ ਫੌਜਾਂ ਦਾ ਹੌਸਲਾ ਤਾਂ ਪਹਿਲਾਂ ਹੀ ਪਸਤ ਹੋ ਚੁੱਕਿਆ ਹੈ...", ਭੀਖਨ ਖਾਂ ਸਿਖਾਂ ਨਾਲ ਹਰਗਿਜ਼ ਵੀ ਆਪ ਟੱਕਰ ਲੈਣ ਦੇ ਹੱਕ ਵਿਚ ਨਹੀਂ ਸੀ।
"ਸਿੰਘਾਂ ਨਾਲ ਨਹੀਂ ਭਿੜਨਾ ਤਾਂ ਫੇਰ ਅਫਗਾਨਾਂ ਦਾ ਮੁਕਾਬਲਾ ਕਰਨ ਲਈ ਤਿਆਰ ਰਹੋ ਅਬਦਾਲੀ ਆਪਣੇ ਡਰਾਕਲ ਮਿੱਤਰਾਂ ਨਾਲ ਦੁਸ਼ਮਨਾ ਤੋਂ ਵੀ ਬੁਰਾ ਵਿਹਾਰ ਕਰਦਾ ਹੈ। ਨਾਲੇ ਕਿਹੜਾ ਲੜੀਆਂ ਤੇਰੀਆਂ ਫੌਜਾਂ ਸਿੰਘਾਂ ਨਾਲ, ਦੋ ਘੜੀਆਂ ਦੀ ਟੱਕਰ ਨੂੰ ਤੂੰ ਜੰਗ ਕਹਿੰਦਾ ਹੈ। ਯਾਦ ਹੈ ਕਿਵੇਂ ਵਿਲਕਦੇ ਨੇ ਸਾਨੂੰ ਸੁਨੇਹਾ ਘੱਲਿਆ ਸੀ ਕਿ ਜੀ ਸਿਖ ਮਲੇਰਕੋਟਲੇ 'ਤੇ ਚੜ੍ਹ ਆਏ ਹਨ, ਸਾਨੂੰ ਬਚਾ ਲਵੋ... ਤੇ ਹੁਣ ਏਡੀ ਛੇਤੀ ਭਿਆਂ ਵੀ ਹੋ ਗਈ...", ਜ਼ੈਨੇ ਨੇ ਅਬਦਾਲੀ ਵਾਲਾ ਸਾਰਾ ਗੁੱਸਾ ਭੀਖਨ ਖਾਂ 'ਤੇ ਲਾਹ ਦਿੱਤਾ।
ਸਰਹੰਦ, ਮਲੇਰਕੋਟਲਾ ਤੇ ਖਰੜ ਤਿੰਨੇ ਫੌਜਾਂ ਤਿਆਰ ਹੋ ਗਈਆਂ। ਤਰਕੀਬ ਇਹ ਸੀ ਕਿ ਇਕੱਠੇ ਹੀ ਟੁੱਟ ਕੇ ਸਿਖਾਂ 'ਤੇ ਪੈਣਾ ਹੈ। ਜਿੰਨਾ ਵੱਧ ਹੋ ਸਕੇ ਮੂਹਰਲੀਆਂ ਕਤਾਰਾਂ ਦੇ ਲੜਾਕੇ ਸਿੰਘਾਂ ਦਾ ਨੁਕਸਾਨ ਕਰਨਾ ਹੈ। ਪਠਾਨਾ ਦੇ ਏਸ ਹੱਲੇ ਦਾ ਮਕਸਦ ਹੀ ਸਿੰਘਾਂ ਦੇ ਸੁਰੱਖਿਆ ਘੇਰੇ ਨੂੰ ਤੋੜਨਾ ਹੈ।
"ਜੇ ਇਕ ਵਾਰ ਮੁਹਰਲੀਆਂ ਕਤਾਰਾਂ ਢਹਿ ਜਾਣ, ਫੇਰ ਬਚੇ ਦਲ ਨੂੰ ਕੋਈ ਨਹੀਂ ਬਚਾ ਸਕਦਾ ", ਜ਼ੈਨ ਖਾਂ ਹਮਲੇ ਦੀ ਤਿਆਰੀ ਕਰਦਾ ਬੋਲਿਆ।