

ਵੀ ਸਚੇਤ ਹੋ ਗਏ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸਿੰਘਾਂ ਦੇ ਜੱਥੇ ਹਰ ਪਾਸੇ ਕਰੜੇ ਕਰਕੇ ਤੈਨਾਤ ਕਰ ਦਿੱਤੇ। ਰਾਮਗੜੀਏ ਇਕ ਪਾਸੇ ਖਰਤ ਵਾਲੇ ਲਛਮੀ ਨਾਲ ਟੱਕਰ ਲਈ ਡਟ ਕੇ ਖਲੇ ਗਏ। ਇਕ ਪਾਸੇ ਬਾਬਾ ਸ਼ਾਮ ਸਿੰਘ ਤੇ ਬਾਕੀ ਕਰੋੜਸਿੰਘੀਏ ਸਿੰਘਾਂ ਨੇ ਮਲੇਰਕੋਟਲੇ ਵਾਲਿਆਂ ਦੇ ਦੰਦ ਭੰਨਨ ਲਈ ਮੋਰਚੇ ਮੇਲ ਲਏ। ਆਪ ਸਰਦਾਰ ਜੱਸਾ ਸਿੰਘ ਆਪਣੇ ਸਾਥੀ ਸਿੰਘਾਂ ਤੇ ਡੋਲੇਵਾਲੀਆਂ ਨਾਲ ਰਲ ਕੇ ਜੈਨੇ ਵੱਲ ਵਧੇ। ਜਥੇਦਾਰ ਬਾਬਾ ਮੋਹਰ ਸਿੰਘ ਆਪਣੇ ਦੋਹਾਂ ਭਾਈਆਂ ਮੱਲਾ ਸਿੰਘ ਤੇ ਭਾਰ ਸਿੰਘ ਨੂੰ ਨਾਲ ਲੈ ਕੇ ਸਰਦਾਰ ਜੱਸਾ ਸਿੰਘ ਦੇ ਨਾਲ ਸਨ। ਉਹਨਾਂ ਦੇ ਨਾਲ ਉਹਨਾਂ ਦਾ ਯੋਧਾ ਸਪੁੱਤਰ ਨਿਹੰਗ ਸਿੰਘ ਬਾਬਾ ਮਿੱਤ ਸਿੰਘ ਵੀ ਸੀ। ਪਿੱਛੇ ਸਰਦਾਰ ਚੜ੍ਹਤ ਸਿੰਘ ਵੀ ਬਾਕੀ ਮਿਸਲਾਂ ਦੇ ਆਪਣੇ ਸਾਥੀ ਸਿੰਘਾਂ ਨਾਲ ਵਹੀਰ ਦੇ ਲਗਭਗ ਨੇੜੇ ਹੀ ਪਹੁੰਚ ਚੁੱਕਿਆ ਸੀ।
"ਵਹੀਰ ਨੂੰ ਸੁਨੇਹਾਂ ਲਾਓ ਕਿ ਜਿੰਨੀ ਛੇਤੀ ਹੋ ਸਕੇ ਗਹਿਲਾਂ ਵੱਲ ਵਧਨ...", ਸਰਦਾਰ ਚੜ੍ਹਤ ਸਿੰਘ ਨੇ ਇਕ ਸਵਾਰ ਵਹੀਰ ਵੱਲ ਤੋਰਿਆ।
ਸੁਰੱਖਿਆ ਘੇਰੇ ਵਾਲੇ ਸਿੰਘ ਕਦੇ ਤਾਂ ਅਫਗਾਨਾ ਨਾਲ ਲੋਹਾ ਲੈਣ ਲੱਗ ਜਾਂਦੇ ਤੇ ਕਦੇ ਵਹੀਰ ਦਾ ਪਤਾ ਕਰਨ ਲਈ ਪਰਤ ਆਉਂਦੇ। ਪਠਾਨਾ ਨੂੰ ਮਾਰਦਾ ਤੇ ਆਪਣੇ ਸ਼ਹੀਦ ਕਰਵਾਉਂਦਾ ਸਿਖ ਦਲ ਗਹਿਲਾਂ ਪਿੰਡ ਪਹੁੰਚ ਗਿਆ। ਊਠਾਂ, ਗੱਡਿਆਂ ਅਤੇ ਘੋੜਿਆਂ 'ਤੇ ਸਵਾਰ ਵਹੀਰ ਗਹਿਲਾਂ ਆ ਕੇ ਕੁਝ ਪਲ ਆਰਾਮ ਕਰਨ ਬਾਰੇ ਸੋਚ ਰਿਹਾ ਸੀ। ਸਿੰਘਾਂ ਨੇ ਸੋਚਿਆ ਸੀ ਕਿ ਪਿੰਡ ਵਿਚ ਆਸਰਾ ਮਿਲ ਜਾਵੇਗਾ ਤੇ ਸਾਰੇ ਵਹੀਰ ਨੂੰ ਪਿੰਡ ਦੇ ਲੋਕ ਰਲ ਕੇ ਲੁਕਾ ਲੈਣਗੇ। ਇਸ ਨਾਲ ਵਹੀਰ ਵੰਡਿਆ ਜਾਵੇਗਾ ਤੇ ਵੱਡਾ ਖਤਰਾ ਟਲ ਜਾਵੇਗਾ।
ਪਰ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾ।
ਵਹੀਰ ਦੇ ਸਿਆਣੇ ਬਜ਼ੁਰਗ, ਬੀਬੀਆਂ ਨੂੰ ਮੁਖੀ ਸਿੰਘਾਂ ਨੇ ਸਮਝਾਇਆ ਹੋਇਆ ਸੀ ਕਿ ਪਿੰਡ ਵੜਦੇ ਸਾਰ ਸ਼ਰਨ ਲੈਣ ਲਈ ਲੋਕਾਂ ਦੇ ਦਰ ਖੜਕਾਉਣੇ ਹਨ ਤੇ ਪਨਾਹ ਲੈਣੀ ਹੈ। ਸੋ ਵਹੀਰ ਨੇ ਗਹਿਲ ਪਹੁੰਚਦਿਆਂ ਹੀ ਸਿੰਘਾਂ ਦੇ ਕਹੇ ਅਨੁਸਾਰ ਪਿੰਡ ਵਾਲਿਆਂ ਦੇ ਦਰ ਖੜਕਾਉਣੇ ਸ਼ੁਰੂ ਕੀਤੇ। ਪਰ ਕਿਸੇ ਨੇ ਬੂਹਾ ਨਾ ਖੋਲ੍ਹਿਆ, ਸਗੋਂ ਜਿਹਨਾਂ ਦੇ ਖੁੱਲ੍ਹੇ ਸਨ ਉਹਨਾਂ ਵੀ ਭੇੜ ਲਏ। ਜਾਪ ਰਿਹਾ ਸੀ ਕਿ ਪਿੰਡ ਵਾਲਿਆਂ ਨੇ ਜਿਵੇਂ ਪਹਿਲਾਂ ਹੀ ਮਤਾ ਪਾ ਲਿਆ ਸੀ ਕਿ ਕਿਸੇ ਨੇ ਵੀ ਸਿਖਾਂ ਨੂੰ ਪਨਾਹ ਨਹੀਂ ਦੇਣੀ। ਵਹੀਰ ਵਿਚੋਂ ਕੁਝ ਭੁਝੰਗੀਆਂ ਨੇ ਕੰਧਾਂ, ਕੋਲਿਆਂ ਨੂੰ ਪਾਰ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਅੰਦਰੋਂ ਘਰ ਵਾਲੇ ਹਮਲਾ