

ਲਿਆ। ਪਿੰਡ ਦੇ ਲੋਕ ਗੰਡਾਸੇ, ਬਰਛੇ ਤੇ ਡਾਂਗਾਂ ਲੈ ਕੇ ਵਹੀਰ ਉੱਤੇ ਟੁੱਟ ਪਏ। ਸਭ ਪਾਸੇ ਹਾਹਾਕਾਰ ਮੱਚ ਗਈ। ਪਿੰਡ ਵੀ ਉਹਨਾਂ ਦਾ ਇਸ ਤਰ੍ਹਾਂ ਵੈਰੀ ਬਣ ਜਾਏਗਾ, ਕਿਸੇ ਨੇ ਸੋਚਿਆ ਨਹੀਂ ਸੀ।
ਵਹੀਰ ਦਾ ਕੁਰਲਾਟ ਜਦ ਸਰਦਾਰ ਚੜ੍ਹਤ ਸਿੰਘ ਨੇ ਸੁਣਿਆਂ ਤਾਂ ਉਸ ਨੇ ਆਪਣਾ ਧਿਆਨ ਅਫਗਾਨਾ ਵੱਲੋਂ ਹਟਾ ਕੇ ਪਿੰਡ ਵਾਲਿਆਂ ਵੱਲ ਕਰ ਲਿਆ। ਅੱਖ ਦੇ ਫੋਰ ਵਿਚ ਹੀ ਸਰਦਾਰ ਕੁਤਬੇ ਦੇ ਹਮਲਾਵਰ ਟੋਲੇ ਕੋਲ ਪਹੁੰਚ ਗਿਆ ਤੇ ਬਿਜਲੀ ਬਣ ਕੇ ਉਹਨਾਂ ਉੱਤੇ ਡਿੱਗਾ। ਪਿੰਡ ਵਿਚ ਵੱਸਦੇ ਰੰਘੜ, ਜੋ ਸਿਖਾਂ ਦੇ ਵੈਰੀ ਸਨ, ਸਰਦਾਰ ਦੀ ਚੰਡੀ ਦੀ ਮਾਰ ਨਾ ਸਹਾਰ ਸਕੇ। ਕੁਝ ਹੀ ਪਲਾਂ ਵਿਚ ਸਰਦਾਰ ਨੇ ਰੰਘੜਾਂ ਦੀਆਂ ਲੋਥਾਂ ਦੇ ਢੇਰ ਲਾ ਦਿੱਤੇ। ਸਰਦਾਰ ਦੀ ਭਗੌਤੀ ਲਗਾਤਾਰ ਰੰਘੜਾਂ ਦੇ ਦੋ ਦੋ ਟੋਟੇ ਕਰ ਕੇ ਸੁੱਟ ਰਹੀ ਸੀ। ਹਾਲਾਤ ਇਹ ਬਣ ਗਈ ਕਿ ਹਮਲਾਵਰ ਬਣ ਕੇ ਆਏ ਰੰਘੜਾਂ ਨੂੰ ਹੁਣ ਆਪਣੀ ਜਾਨ ਦੀ ਪੈ ਗਈ। ਉਹ ਪਿੰਡੋਂ ਬਾਹਰ ਨੂੰ ਭੱਜੇ। ਪਰ ਬਾਹਰ ਉਹਨਾਂ ਦਾ ਸਾਹਮਣਾ ਸਿੰਘਾਂ ਦੇ ਸੁਰੱਖਿਆ ਦਸਤੇ ਨਾਲ ਹੋ ਗਿਆ। ਸਿੰਘਾਂ ਨੇ ਰੰਘੜਾਂ ਦੇ ਆਹੂ ਲਾਹੁਣ ਨੂੰ ਬਿੰਦ ਨਾ ਲਾਇਆ।
ਕੁਤਬੇ ਦੇ ਰੰਘੜਾਂ ਵਾਲਾ ਮੋਰਚਾ ਮਾਰ ਕੇ ਸਰਦਾਰ ਚੜ੍ਹਤ ਸਿੰਘ ਮੁੜ ਗਿਲਜਿਆਂ ਦੇ ਮੁਕਾਬਲੇ ਲਈ ਸੁਰੱਖਿਆ ਘੇਰੇ ਵਾਲੇ ਸਿੰਘਾਂ ਕੋਲ ਪਰਤ ਆਇਆ।
ਲੜਦਿਆਂ ਲੜਦਿਆਂ ਦੁਪਿਹਰ ਆ ਲੱਥੀ ਸੀ। ਸੇਕ ਤਾਂ ਜੰਗ ਦਾ ਆਪਣਾ ਹੀ ਬਹੁਤ ਸੀ ਤੇ ਉੱਤੋਂ ਸਿਰ 'ਤੇ ਆਇਆ ਸੂਰਜ ਵੀ ਅੱਗ ਵਰ੍ਹਾ ਰਿਹਾ ਸੀ। ਤੇਹ ਤਾਂ ਭਾਵੇਂ ਵਹੀਰ ਨੂੰ ਵੀ ਬਹੁਤ ਲੱਗੀ ਹੋਈ ਸੀ ਪਰ ਅਫਗਾਨਾ ਨੂੰ ਤਾਂ ਪਿਆਸ ਨੇ ਬੁਰੀ ਤਰ੍ਹਾਂ ਤੜਪਾਇਆ ਹੋਇਆ ਸੀ। ਪਹਿਲਾਂ ਤਾਂ ਲਾਹੌਰ ਤੋਂ ਤੁਰੇ ਅਫਗਾਨ ਛੇਤੀ ਨਾਲ ਪੈਂਡਾ ਮਾਰ ਕੇ ਮਲੇਰਕੋਟਲੇ ਪਹੁੰਚੇ ਸਨ ਤੇ ਆਉਣ ਸਾਰ ਉਹਨਾਂ ਨੂੰ ਸਿੱਧਾ ਜੰਗ ਹੀ ਲੜਨੀ ਪੈ ਗਈ ਸੀ। ਉਤਾਰਾ ਕਰਕੇ ਡੇਰਾ ਲਾਉਣ ਦਾ ਤੇ ਸਾਹ ਲੈਣ ਦਾ ਪਲ ਵੀ ਉਹਨਾਂ ਨੂੰ ਨਸੀਬ ਨਹੀਂ ਹੋਇਆ ਸੀ। ਸਿੰਘਾਂ ਦੀਆਂ ਭਗੌਤੀਆਂ ਉਡੀਕ ਹੀ ਰਹੀਆਂ ਸਨ ਤੇ ਆਉਂਦਿਆਂ ਨੂੰ ਹੀ ਟੁੱਟ ਕੇ ਪੈ ਗਈਆਂ।
ਸਿਖ ਤਾਂ ਇਸੇ ਭੂਮੀ ਦੇ ਵਾਸੀ ਸਨ। ਇਹਨਾਂ ਤੱਤੇ ਠੰਡੇ ਮੌਸਮਾਂ ਦੇ ਜੰਮੇ ਜਾਏ। ਜੇਠ ਹਾੜ ਦੀਆਂ ਲੁਆਂ ਤੇ ਪੋਹ ਮਾਘ ਦੀਆਂ ਸੀਤ ਹਵਾਵਾਂ ਸੰਗ ਹੀ ਪਲੇ ਸਨ। ਨੰਗੇ ਪਿੰਡਿਆਂ 'ਤੇ ਹੀ ਉਹਨਾਂ ਨੇ ਇਹ ਸੇਕ ਤੇ ਪਾਲੇ ਹੰਢਾਏ ਹੋਏ ਸਨ। ਧੁੱਪ ਨੇ ਉਹਨਾਂ ਦਾ ਕੀ ਵਿਗਾੜ ਲੈਣਾ ਸੀ। ਨਾਲੇ ਐਸੀਆਂ ਕਈ ਧੁੱਪਾਂ