

ਨੇ ਗਿਣਤੀ ਤੀਹ ਹਜ਼ਾਰ ਦੇ ਲਗਭਗ ਦੱਸੀ ਸੀ ", ਬਾਬਾ ਭੰਗ ਬੋਲਿਆ।
"ਵਾਹਿਗੁਰੂ....
"ਇਤਿਹਾਸ ਕੁਝ ਵੀ ਕਹੇ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਤੀਹ ਹਜ਼ਾਰ ਤੋਂ ਤਾਂ ਵੱਧ ਹੀ ਇਸ ਘੱਲੂਘਾਰੇ ਦੀ ਭੇਟ ਹੋ ਗਏ ਸਨ.. "
"ਅਫਗਾਨ ਦਲ ਦਾ ਕਿੰਨਾ ਕੁ ਨੁਕਸਾਨ ਹੋਇਆ ?”, ਇੰਦਰਜੀਤ ਬੋਲਿਆ।
"ਬਜ਼ੁਰਗ ਦੱਸਦੇ ਸਨ ਕਿ ਸਾਡੇ ਲੜਾਕੇ ਸਿੰਘਾਂ ਵਿਚੋਂ ਪੰਜ ਹਜ਼ਾਰ ਸ਼ਹੀਦੀਆਂ ਪਾ ਗਏ ਸਨ ਤੇ ਦਸ ਹਜ਼ਾਰ ਤੋਂ ਕੁਝ ਵਧ ਅਫਗਾਨ ਸੈਨਾ ਮਾਰੀ ਗਈ...
ਮਾਰੇ ਗਏ ਪਰਿਵਾਰਾਂ ਦੀਆਂ ਲਾਸ਼ਾਂ ਨੂੰ ਸੰਭਾਲਦੇ ਹੋਏ ਕਾਫੀ ਸਿੰਘ ਸੋਗ ਵਿਚ ਜਾ ਰਹੇ ਸਨ। ਸਭ ਪਾਸੇ ਉਦਾਸੀ ਛਾ ਰਹੀ ਸੀ। ਹਲਾਂਕਿ ਸਿੰਘਾਂ ਨੇ ਅਬਦਾਲੀ ਦਾ ਨੱਕ ਭੰਨ ਦਿੱਤਾ ਸੀ, ਪਰ ਫੇਰ ਵੀ ਕਿਸੇ ਕੌਮ ਦੇ ਏਨੀ ਵੱਡੀ ਗਿਣਤੀ ਵਿਚ ਨੁਕਸਾਨ ਹੋ ਜਾਣ 'ਤੇ ਸੋਗ ਤਾਂ ਹੁੰਦਾ ਹੀ ਹੈ।
ਮਾਈਆਂ ਦੀਆਂ ਅੱਖਾਂ ਵਿਚੋਂ ਅੱਥਰੂ ਲਗਾਤਾਰ ਵਹਿ ਰਹੇ ਸਨ।
"ਤੇਰਾ ਵੀ ਕੋਈ ਮਾਰਿਆ ਗਿਆ ਹੈ ਅੰਬੋ..", ਰੋ ਰਹੀ ਇਕ ਬਜ਼ੁਰਗ ਮਾਤਾ ਕੋਲ ਜਾ ਕੇ ਇਕ ਮੁਟਿਆਰ ਨੇ ਪੁੱਛਿਆ।
“ਸਾਰੇ ਮੇਰੇ ਹੀ ਸਨ ਧੀਏ. ਮਾਰੇ ਨਹੀਂ ਗਏ... ਲੇਖੇ ਲੱਗੇ ਨੇ ਭੈਣ ਭਰਾ ਪੁੱਤ ਧੀਆਂ ਸਾਰੇ... ਤੇ ਇਹ ", ਮਾਤਾ ਬੋਲੀ।
"ਪਰ ਤੇਰਾ ਆਪਣਾ ਪਰਿਵਾਰ ਕਿੱਥੇ ਹੈ... ਦੁਨਿਆਵੀ ਪਰਿਵਾਰ...?" “ਉਹ ਸਾਰੇ ਵੀ ਇਕ ਐਸੇ ਹੀ ਘੱਲੂਘਾਰੇ ਦੀ ਭੇਟ ਹੋ ਗਏ ਸਨ... ਕਈ ਵਰ੍ਹੇ ਪਹਿਲਾਂ " ਮਾਤਾ ਦੇ ਦੋ ਪੁੱਤ, ਇਕ ਭਰਾ ਤੇ ਪਤੀ ਛੋਟੇ ਘੱਲੂਘਾਰੇ ਵਿਚ 'ਲੇਖੇ' ਲੱਗ ਗਏ ਸਨ।
ਐਸੀਆਂ ਕਿੰਨੀਆਂ ਹੀ ਮਾਈਆਂ ਸੋਗ ਦੇ ਘਰ ਵਿਚ ਬੈਠੀਆਂ ਸਨ। ਇਹੋ ਜਹੇ ਗਮਗੀਨ ਮਾਹੌਲ ਵਿਚ ਇਕ ਦਮ ਕਿਸੇ ਦੇ ਗਾਉਣ ਦੀ ਆਵਾਜ਼ ਆਉਣ ਲੱਗੀ। ਢਾਬ ਦੇ ਪਰਲੇ ਕੰਢੇ 'ਤੇ ਖਲੋਤਾ ਇਕ ਨਿਹੰਗ ਸਿੰਘ ਕੁਝ ਗਾ ਰਿਹਾ ਸੀ। ਸਭ ਧਿਆਨ ਨਾਲ ਸੁਨਣ ਲੱਗੇ,
"ਤੱਤ ਖਾਲਸੇ ਸੋ ਰਹਯੋ ਗਯੋ ਸੋ ਖੋਟ ਗਵਾਇ”