

ਕਯਾ ਜਾਨੋ ਗੁਰ ਜਗਾ ਗਿਰਾਈ॥
ਜਾਂ ਤੇ ਮੈਂ ਪੈ ਸਖਤੀ ਆਈ॥
ਕੁਝ ਚਿਰ ਲਾਹੌਰ ਟਿਕਣ ਤੋਂ ਮਗਰੋਂ ਸ਼ਾਹ ਲਈ ਗਰਮੀ ਕੱਟਣੀ ਔਖੀ ਹੋ ਗਈ। ਭਾਦੋਂ ਦੇ ਚਮਾਸਿਆਂ ਨੇ ਸ਼ਾਹ ਦੀ ਬਸ ਕਰਵਾ ਦਿੱਤੀ। ਭਾਦੋਂ ਦਾ ਮਹੀਨਾ ਕੱਟਣ ਲਈ ਉਹ ਲਾਮ ਲਸ਼ਕਰ ਸਮੇਤ ਕਲਾਨੌਰ ਆ ਗਿਆ।
"ਇਹਨੀ ਦਿਨੀਂ ਡਰਾਉਣੇ ਸੁਪਨਿਆਂ ਨੇ ਸ਼ਾਹ ਦੀਆਂ ਰਾਤਾਂ ਦੀ ਨੀਂਦ ਉਡਾਈ ਹੋਈ ਸੀ। ਕਿਸੇ ਆਮ ਆਦਮੀ ਨੂੰ ਭਿਆਨਕ ਜਾਪਣ ਵਾਲੇ ਸੁਪਨਿਆਂ ਨਾਲ ਵਾਹ ਤਾਂ ਸ਼ਾਹ ਦਾ ਨਾਦਰ ਸ਼ਾਹ ਦੇ ਸਮੇਂ ਤੋਂ ਹੀ ਸੀ। ਉਹ ਜਾਣਦਾ ਸੀ ਕਿ ਨਾਦਰ ਨੂੰ ਵੀ ਇਹੋ ਜਹੇ ਸੁਪਨੇ ਅਕਸਰ ਆਇਆ ਕਰਦੇ ਸਨ ਤੇ ਉਹ ਅਬਦਾਲੀ ਨੂੰ ਦੱਸਦਾ ਵੀ ਹੁੰਦਾ ਸੀ। ਪਰ ਜਿੰਨਾ ਕੁ ਅਬਦਾਲੀ ਜਾਣਦਾ ਸੀ ਨਾਦਰ ਕਦੇ ਆਪਣੇ ਸੁਪਨਿਆਂ ਤੋਂ ਡਰਿਆ ਨਹੀਂ ਸੀ। ਸ਼ਾਹ ਵੀ ਅੱਜ ਤੱਕ ਕਿੱਥੇ ਡਰਿਆ ਸੀ, ਪਰ ਐਤਕੀਂ ਕੁਝ ਵੱਖਰਾ ਹੋ ਰਿਹਾ ਸੀ।
ਇਕ ਖਾਸ ਸੁਪਨਾ ਉਸਨੂੰ ਅਕਸਰ ਆਉਣ ਲੱਗਾ ਸੀ ਤੇ ਉਹ ਡਰ ਕੇ ਉੱਠ ਖਲੋਂਦਾ। ਸਾਹੋ ਸਾਹ ਹੋਇਆ ਪਾਣੀ ਪੀਂਦਾ ਤੇ ਮੁੜ ਸਾਰੀ ਰਹਿੰਦੀ ਰਾਤ ਸੋ ਨਾ ਸਕਦਾ। ਉਸ ਦੇ ਖਾਸ ਪਹਿਰੇਦਾਰਾਂ ਨੇ ਸ਼ਾਹ ਦਾ ਫਿਕਰ ਕਰਦੇ ਹੋਏ ਇਹ ਗੱਲ ਸ਼ਾਹ ਵਲੀ ਤੱਕ ਪੁਚਾ ਦਿੱਤੀ।
"ਉਹਨਾਂ ਨੂੰ ਤਾਂ ਪਤਾ ਨਹੀਂ ਇਹ ਪਤਾ ਲੱਗਦਾ ਹੈ ਕਿ ਨਹੀਂ ਹਜ਼ੂਰ... ਪਰ ਉਹ ਸੁੱਤੇ ਪਏ ਸਾਹ ਇਸ ਤਰ੍ਹਾਂ ਲੈ ਰਹੇ ਹੁੰਦੇ ਹਨ ਜਿਵੇਂ ਕੋਈ ਕਾਬਲੋਂ ਦੇੜ ਕੇ ਅੱਟਕ ਤੱਕ ਆਵੇ ਕੋਈ ਡਰ ਉਹਨਾਂ ਨੂੰ ਸੁਪਨਿਆਂ ਵਿਚ ਏਨਾ ਡਰਾਉਂਦਾ ਹੈ ਕਿ ਮੁੜਕਾ ਉਹਨਾਂ ਦੇ ਚਿਹਰੇ ਤੋਂ ਚੋ ਰਿਹਾ ਹੁੰਦਾ ਹੈ... ਉੱਠਣ ਸਾਰ ਉਹ ਕੁਝ ਚਿਰ ਸਿਰ ਫੜ੍ਹ ਕੇ ਬੈਠੇ ਰਹਿੰਦੇ ਨੇ ਤੇ ਫੇਰ ਹਫਦੇ ਹੋਏ ਪਾਣੀ ਪੀਂਦੇ ਨੇ..."
ਸ਼ਾਹ ਵਲੀ ਅਬਦਾਲੀ ਦੇ ਬਹੁਤ ਨੇੜੇ ਸੀ। ਉਸ ਨੇ ਇਕ ਮੌਲਵੀ ਨੂੰ ਨਾਲ ਲਿਆ ਤੇ ਅਬਦਾਲੀ ਦੇ ਤੰਬੂ ਵਿਚ ਗਿਆ।