

"ਪੰਥ ਜਦ ਹੁਣ ਦੁਸ਼ਟ ਸੋਧਨ ਚੜ੍ਹਿਆ ਹੋਇਆ ਹੀ ਹੈ ਤਾਂ ਕਿਉਂ ਨਾ ਮੁਰਿੰਡੇ ਤੇ ਖੇੜੀ ਬੈਠੇ ਪਾਪੀਆਂ ਨੂੰ ਝਟਕਾਇਆ ਜਾਵੇ.."
ਸਲੋਦੀ ਤੇ ਘੜੂੰਏ ਵਾਲਿਆ ਰਲ ਕੇ ਪੰਥ ਅੱਗੇ ਖੇੜੀ ਤੇ ਮੋਰਿੰਡਾ ਮਾਰਨ ਦੀ ਤਜਵੀਜ ਰੱਖੀ।
"ਪਰ ਇਹ ਸਰਹੰਦ ਦੇ ਬਿਲਕੁਲ ਲਾਗੇ ਬੈਠੇ ਹਨ ਤੇ ਸਰਹੰਦ ਅਬਦਾਲੀ ਦਾ ਲਸ਼ਕਰ ਉਤਰਿਆ ਹੋਇਆ ਹੈ, ਸੋ ਸਾਨੂੰ ਕੁਝ ਸਮਾਂ ਹੋਰ ਅਟਕਣਾ ਚਾਹੀਦਾ ਹੈ", ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹਜੇ ਮੋਰਿੰਡੇ 'ਤੇ ਹਮਲੇ ਦੇ ਹੱਕ ਵਿਚ ਨਹੀਂ ਸਨ। ਉਹਨਾਂ ਦਾ ਵਿਚਾਰ ਸੀ ਕਿ ਜੇ ਮੋਰਿੰਡੇ 'ਤੇ ਹਮਲੇ ਦਾ ਪਤਾ ਲੱਗ ਗਿਆ ਤਾਂ ਸਰਹੰਦ ਤੋਂ ਉੱਠ ਕੇ ਪਠਾਨ ਫੋਰਨ ਹੀ ਫੇਰ ਏਧਰ ਚੜ੍ਹ ਆਉਣਗੇ ਤੇ ਸਿੰਘਾਂ ਨੂੰ ਦੋ ਮੋਰਚਿਆਂ 'ਤੇ ਲੜਣਾ ਪਵੇਗਾ।
“ਇਹ ਵੀ ਯੋਧੇ ਨੂੰ ਹੀ ਪਤਾ ਹੁੰਦਾ ਹੈ ਕਿ ਕਦੋਂ ਨਹੀਂ ਲੜਨਾ", ਸਰਦਾਰ ਜੱਸਾ ਸਿੰਘ ਦੇ ਇਹਨਾਂ ਬੋਲਾਂ 'ਤੇ ਸਿੰਘਾਂ ਨੇ ਮੁਰਿੰਡਾ ਮਾਰਨ ਦਾ ਖਿਆਲ ਤਿਆਗ ਦਿੱਤਾ।
ਖਾਲਸੇ ਨੇ ਗੁਰਮਤਾ ਕੀਤਾ ਤੇ ਆਨੰਦਪੁਰ ਸਾਹਿਬ ਨੂੰ ਚਾਲਾ ਪਾ ਦਿੱਤਾ। ਪਰ ਰਾਹ ਵਿਚ ਮੋਰਿੰਡਾ ਤੇ ਖੇੜੀ ਆਉਣੇ ਹੀ ਸਨ। ਅਕਾਲ ਪੁਰਖ ਨੇ ਕੋਈ ਕਲਾ ਵਰਤਾਉਣੀ ਸੀ ਤੇ ਮੋਰਿੰਡਾ ਤਬਾਹ ਹੋਣਾ ਹੀ ਸੀ। ਜਦ ਕੋਈ ਭਾਵੀ ਵਰਤਨੀ ਹੋਵੇ ਤਾਂ ਕੋਈ ਨਾ ਕੋਈ ਸਬੰਬ ਬਣ ਹੀ ਜਾਂਦਾ ਹੈ।
ਪਹਿਲਾਂ ਸਿੰਘਾਂ ਨੇ ਖੇੜੀ, ਜਿਸ ਦਾ ਕਿ ਹੁਣ ਨਾ ਸਹੇੜੀ ਪੈ ਚੁੱਕਾ ਸੀ, ਦਾ ਰੁਖ ਕੀਤਾ। ਉਸ ਨੂੰ ਬੁਰੀ ਤਰ੍ਹਾਂ ਤਬਾਹ ਕੀਤਾ ਗਿਆ। ਹੁਣ ਅੱਗੇ ਰਾਹ ਵਿਚ ਮੋਰਿੰਡਾ ਆਉਣਾ ਸੀ। ਪਰ ਸਰਦਾਰ ਜੱਸਾ ਸਿੰਘ ਦੇ ਵਿਚਾਰ ਨੂੰ ਸਿੰਘਾਂ ਨੇ ਧਿਆਨ ਵਿਚ ਰੱਖਿਆ।
ਚੁੱਪ ਚਪੀਤੇ ਸਿੰਘ ਮੋਰਿੰਡੇ ਦੇ ਬਾਹਰ ਦੀ ਲੰਘ ਰਹੇ ਸਨ। ਹਲਾਂਕਿ ਘੜੂੰਏ ਵਾਲਿਆਂ ਦਲ ਨੂੰ ਫੇਰ ਜਾਨੀ ਮਾਨੀ ਖਾਂ ਦਾ ਚੇਤਾ ਕਰਵਾਇਆ, ਪਰ ਸਿੰਘ ਸਰਦਾਰ ਜੱਸਾ ਸਿੰਘ ਦੀ ਕਹੀ ਟਾਲ ਨਹੀਂ ਸਕਦੇ ਸਨ। ਬੁੱਢਾ ਦਲ ਚੁੱਪ ਚਾਪ ਮੋਰਿੰਡਾ ਲੰਘ ਗਿਆ। ਸਰਦਾਰ ਚੜਤ ਸਿੰਘ ਤੇ ਸਰਦਾਰ ਹਰੀ ਸਿੰਘ ਭੰਗੀ ਉਹਨਾਂ ਤੋਂ ਵੀ ਅੱਗੇ ਸਨ।
ਰਾਖੀ ਵਾਲੇ ਜਿਹੜੇ ਸਿੰਘ ਪਿੱਛੇ ਰਹਿ ਗਏ ਸਨ, ਉਹਨਾਂ ਵਿਚ ਸਰਦਾਰ ਤਾਰਾ ਸਿੰਘ ਗੈਬੇ ਦਾ ਜੱਥਾ ਸੀ, ਉਹ ਹਜੇ ਮੋਰਿੰਡੇ ਕੋਲ ਦੀ ਲੰਘ ਰਹੇ ਸਨ
ਮਹਾਰਾਜ ਨੇ ਕੋਈ ਬਿਧ ਬਣਾਉਣੀ ਸੀ ਤੇ ਮੋਰਿੰਡੇ ਸਿਰ ਪਹਾੜ ਟੁੱਟਣਾ ਸੀ।
ਪਿਛਲੇ ਜੱਥੇ ਦੇ ਕੁਝ ਸਿੰਘਾਂ ਨੂੰ ਤੇਹ ਲੱਗੀ। ਨੇੜੇ ਤੇੜੇ ਕੋਈ ਖੂਹ ਦਿਖਾਈ ਨਹੀਂ ਦੇ ਰਿਹਾ ਸੀ। ਰੋਹੀ ਬੀਆਬਾਨ ਵਿਚ ਕੋਈ ਖੂਹ ਹੋਣਾ ਵੀ ਕਿੱਥੋਂ ਸੀ। ਖੂਹ ਤਾਂ ਮੋਰਿੰਡੇ ਦੀਆਂ ਬਰੂਹਾਂ 'ਤੇ ਸਨ।
ਸਰਦਾਰ ਤਾਰਾ ਸਿੰਘ ਗੈਬੇ ਨੇ ਆਪਣੇ ਗੜਵਈ ਭਾਗ ਸਿੰਘ ਨੂੰ ਪਾਣੀ ਲੈਣ ਲਈ ਭੇਜਿਆ ਤੇ ਨਾਲ ਹੀ ਤਾਕੀਦ ਕੀਤੀ.
"ਜਿਆਦਾ ਖੜਾਕ ਨਹੀਂ ਹੋਣ ਦੇਣਾ। ਚੁੱਪ ਚਾਪ ਆਪ ਜਲ ਛਕਣਾ ਹੈ ਤੇ ਸਾਡੇ ਲਈ ਲੈ ਆਉਣਾ ਹੈ"
"ਸਤਿਬਚਨ ਬਾਬਾ ਜੀ", ਕਹਿ ਕੇ ਭਾਗ ਸਿੰਘ ਨੇ ਖੂਹ ਵੱਲ ਚਾਲਾ ਪਾ ਦਿੱਤਾ। ਭਾਈ ਰਣ ਸਿੰਘ ਤੇ ਭਾਈ ਦਯਾ ਸਿੰਘ ਘੜੂੰਏ ਵਾਲੇ ਵੀ ਭਾਗ ਸਿੰਘ ਦੇ ਨਾਲ ਹੋ ਤੁਰੇ।
ਕੁਝ ਦੂਰ ਜਾ ਕੇ ਉਹਨਾਂ ਨੂੰ ਇਕ ਖੂਹ ਦਿਖਾਈ ਦਿੱਤਾ, ਪਰ ਉਸ ਦੇ ਐਨ ਸਾਹਮਣੇ ਮੋਰਿੰਡੇ ਦਾ ਕਿਲ੍ਹਾ ਸੀ । ਭਾਗ ਸਿੰਘ ਥੋੜਾ ਝਿਪ ਰਿਹਾ ਸੀ। ਘੜੂੰਏ ਵਾਲੇ ਸਿੰਘ ਬੋਲੇ,
"ਆਪਾਂ ਝਾੜੀਆਂ ਦੀ ਓਟ ਲੈ ਕੇ 'ਕੱਲੇ 'ਕੱਲੇ ਜਾਂਦੇ ਹਾਂ। ਦੋ ਜਾਣੇ ਬਿੜਕ ਰੱਖਾਂਗੇ ਤੇ ਇਕ ਜਲ ਛਕ ਆਵੇਗਾ ਤੇ ਨਾਲੇ ਗੜਵਾ ਭਰ ਲਿਆਵੇਗਾ"
ਜਦ ਭਾਈ ਭਾਗ ਸਿੰਘ ਨੇ ਰੱਸੇ ਨਾਲ ਬੰਨ੍ਹਿਆਂ ਸਰਬਲੋਹ ਦਾ ਗੜਵਾ ਖੂਹ ਵਿਚ ਸਿੱਟਿਆ ਤਾਂ 'ਗੜੱਮਮਮਮਮ' ਦੀ ਬੜੀ ਤੇਜ਼ ਆਵਾਜ਼ ਆਈ। ਕਿਲ੍ਹੇ ਦੇ ਬੁਰਜਾਂ ਵਿਚ ਖਲੋਤੇ ਰੰਘੜਾਂ ਨੇ ਸਿੰਘਾਂ ਨੂੰ ਦੇਖ ਲਿਆ ਤੇ ਲੱਗੇ ਬਕਵਾਸ ਕਰਨ। ਉਹਨਾਂ ਸਿੰਘਾਂ ਨੂੰ ਬਹੁਤ ਮੰਦੀਆਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪਰ ਹੁਕਮ ਦੇ ਬੱਧੇ ਸਿੰਘ ਸ਼ਾਂਤ ਰਹੇ। ਕਿਸੇ ਸਿਆਣੇ ਨੇ ਰੰਘੜਾਂ ਨੂੰ ਮੰਦਾ ਬੋਲਣ ਤੋਂ ਵਰਜਿਆ ਨਹੀਂ, ਉਹ ਲਗਾਤਾਰ ਜ਼ਹਿਰ ਗੁਲੱਛਦੇ ਰਹੇ। ਰਾਜਪੂਤ ਮਾਂ ਤੇ ਮੁਸਲਮਾਨ ਪਿਤਾ ਦੇ ਮੇਲ ਤੋਂ ਜੰਮੀ ਔਲਾਦ ਰੰਘੜ ਅਖਵਾਉਂਦੀ ਸੀ।
ਕਿਲ੍ਹੇ 'ਤੇ ਖਲੋਤੇ ਰੰਘੜ ਸਿੰਘਾਂ ਨੂੰ ਇਕ ਕਾਲੇ ਰੰਗ ਦਾ ਰੱਸਾ ਘੁਮਾ ਕੇ ਦਿਖਾਉਣ ਲੱਗੇ,
"ਆਹ ਦੇਖੋ, ਆਹ ਰੱਸਾ ਅਸੀਂ ਤੁਹਾਡੇ ਸਾਥੀਆਂ ਦੇ ਵਾਲ ਮੁੰਨ ਕੇ ਬਣਾਇਆ ਸੀ, ਪਰ ਹੁਣ ਇਹ ਪੁਰਾਣਾ ਹੋ ਗਿਐ। ਤੁਸੀਂ ਸਾਨੂੰ ਆਪਣੇ ਵਾਲ ਮੁੰਨ ਕੇ ਦੇ ਜਾਓ ਤਾਂ ਕਿ ਅਸੀਂ ਨਵਾਂ ਰੱਸਾ ਵੱਟ ਸਕੀਏ...", ਰੰਘੜ ਠਹਾਕੇ