

ਅੰਦਾਜ਼ਾ ਹੋ ਗਿਆ ਕਿ ਬਿਪਤਾ ਆਣ ਪਈ ਹੈ। ਉਸ ਨੂੰ ਉਗਰਾਹੀ ਭੁੱਲ ਗਈ ਤੇ ਆਪਣੀ ਜਾਨ ਬਚਾਉਣ ਲਈ ਸਰਹੰਦ ਵੱਲ ਪੱਤਰੇ ਵਾਚ ਗਿਆ। ਜਾਣ ਲੱਗਿਆਂ ਆਪਣਾ ਡੇਰਾ ਵੀ ਸਿੰਘਾਂ ਲਈ ਛੱਡ ਗਿਆ। ਲਛਮੀ ਨਰਾਇਣ ਤਾਂ ਬਚ ਗਿਆ ਪਰ ਉਸ ਦਾ ਬਹੁਤ ਖਜ਼ਾਨਾ ਸਿੰਘਾਂ ਹੱਥ ਲੱਗ ਗਿਆ।
ਜੈਨ ਖਾਂ ਨੂੰ ਹੁਣ ਤੀਕ ਸਿੰਘਾਂ ਦੇ ਮੋਰਿੰਡੇ ਤੇ ਕੁਰਾਲੀ ਹੱਲੇ ਦੀਆਂ ਖਬਰਾਂ ਪਹੁੰਚ ਗਈਆਂ ਸਨ। ਪਰ ਉਹ ਏਨਾ ਭੈ ਭੀਤ ਹੋ ਗਿਆ ਸੀ ਕਿ ਸਰਹੰਦ ਤੋਂ ਇਕ ਕਦਮ ਵੀ ਬਾਹਰ ਨਾ ਧਰਿਆ। ਉਸ ਨੂੰ ਤਾਂ ਆਪਣਾ ਫਿਕਰ ਸਤਾ ਰਿਹਾ ਸੀ। ਇਸ ਤੋਂ ਪਹਿਲਾਂ ਕਿ ਸਿੰਘ ਸਰਹੰਦ ਦਾ ਰੁਖ਼ ਕਰਦੇ, ਜ਼ੈਨੇ ਨੇ ਆਪਣੇ ਦੂਤ ਬਾਬਾ ਆਲਾ ਸਿੰਘ ਵੱਲ ਭੇਜੇ।
ਉਹ ਸਿੰਘਾਂ ਨਾਲ ਸੰਧੀ ਦੀ ਗੱਲ ਬਾਤ ਸ਼ੁਰੂ ਕਰਨੀ ਚਾਹੁੰਦਾ ਸੀ। ਉਸ ਨੇ ਆਲਾ ਸਿੰਘ ਨੂੰ ਲਿਖ ਭੇਜਿਆ,
"ਜੇ ਸਿੰਘ ਸਰਹੰਦ ਉੱਤੇ ਹਮਲਾ ਨਾ ਕਰਨ ਤਾਂ ਜਿੰਨੀ ਕਹਿਣ ਜਗੀਰ ਲਿਖ ਕੇ ਦੇ ਸਕਦਾ ਹਾਂ", ਬਸ ਜ਼ੈਨਾ ਏਨਾ ਕੁ ਹੀ ਲਿਖ ਸਕਿਆ।
ਬਾਬਾ ਆਲਾ ਸਿੰਘ ਨੇ ਸੁਨੇਹਾਂ ਪੰਥ ਵੱਲ ਭਿਜਵਾਇਆ। ਪਰ ਖਾਲਸੇ ਨੇ ਜ਼ੈਨੇ ਦੀ ਤਜ਼ਵੀਜ ਜੁੱਤੀ ਦੀ ਨੋਕ 'ਤੇ ਠੁਕਰਾ ਦਿੱਤੀ ਤੇ ਆਪਣੇ ਵੱਲੋਂ ਵੀ ਇਕ ਸਤਰ ਲਿਖ ਕੇ ਜੈਨੇ ਵੱਲ ਭੇਜੀ,
"ਉਸ ਨੂੰ ਕਹੋ ਕਿ ਉਡੀਕ ਰੱਖੇ, ਸਾਰੀਆਂ ਸੰਧੀਆਂ ਸਾਰੇ ਹਿਸਾਬ ਸਰਹੰਦ ਪਹੁੰਚ ਕੇ ਹੀ ਕਰਾਂਗੇ"