

ਸਾਖੀ ਸੁਨੋਂ ਕਸੂਰ ਕੀ
ਜਿਮ ਪ੍ਰਿਥਮ ਸਿੰਘਨ ਲਈ ਮਾਰ
ਅੱਗੇ ਸਾਖੀ ਕਸੂਰ ਮਾਰਨੇ ਕੋ ਚੱਲੀ
ਤਰਨਾ ਦਲ ਨੇ ਇਹਨੀਂ ਦਿਨੀਂ ਦਰਬਾਰ ਸਾਹਿਬ ਵਿਸਾਖੀ ਇਸ਼ਨਾਨ ਲਈ ਉਤਾਰਾ ਕੀਤਾ ਹੋਇਆ ਸੀ, ਬੁੱਢਾ ਦਲ ਤਾਂ ਹਜੇ ਪਿੱਛੇ ਕਿਤੇ ਬਿਆਸ ਤੋਂ ਪਾਰ ਜਲੰਧਰ ਕੋਲ ਦੋਆਬੇ ਵਿਚ ਹੀ ਸੀ ਤੇ ਇਹ ਵੀ ਹੋ ਸਕਦਾ ਸੀ ਕਿ ਉਹ ਦਿੱਲੀ ਕੰਨੀ ਹੀ ਨਿਕਲ ਜਾਣ। ਖਾਲਸੇ ਦੀਆਂ ਪੰਜ ਮਿਸਲਾਂ ਅੰਮ੍ਰਿਤ ਸਰੋਵਰ ਦੀ ਪਰਕਰਮਾ ਵਿਚ ਨਾਮ ਬਾਣੀ ਦੇ ਰਸ ਮਾਣਦੀਆਂ ਝੂਮ ਰਹੀਆਂ ਸਨ। ਅਕਾਲੀ ਬਾਣੀ ਗਾਵਣੀ ਸੁਨਣੀ ਅਤੇ ਜ਼ਾਲਮਾਂ ਨਾਲ ਟੱਕਰ ਲੈਣੀ, ਉਸ ਵੇਲੇ ਸਿੰਘਾਂ ਦੇ ਇਹੀ ਦੋ ਪ੍ਰਮੁੱਖ ਕਾਰਜ ਸਨ। ਹੋਰ ਕੋਈ ਬਾਹਲਾ ਖਿਲਾਰਾ ਨਹੀਂ ਸੀ, ਦੁਨਿਆਵੀ ਲੋਕਾਂ ਵਾਂਗ। ਜੇ ਜੰਗ ਦੇ ਮੈਦਾਨ ਵਿਚ ਦੁਸ਼ਟਾਂ ਨਾਲ ਲੋਹਾ ਨਾ ਲੈ ਰਹੇ ਹੁੰਦੇ ਤਾਂ ‘ਧੁਰ ਕੀ ਬਾਣੀ' ਸਰਵਨ ਕਰਕੇ ਸਰਬਲੋਹੀ ਦੇਹਾਂ ਨੂੰ ਸਾਣ 'ਤੇ ਲਾ ਰਹੇ ਹੁੰਦੇ। ਇਹ ਬਾਣੀ ਦੀ ਕਰਾਮਾਤ ਹੀ ਸੀ ਕਿ ਜੰਗ ਦੇ ਮੈਦਾਨ ਵਿਚ ਵੀ ਸਿਖ ਦੀ ਕਿਰਪਾਨ ਕਦੇ ਕਿਸੇ ਨਿਹੱਥੇ ਜਾਂ ਨਿਰਦੋਸ਼ ਉੱਤੇ ਨਹੀਂ ਉੱਠੀ। ਸਾਰੰਦੇ, ਰਬਾਬ ਤੇ ਤਾਊਸ ਦੀਆਂ ਤਰਬਾਂ ਰਾਹੀਂ ਰੂਹਾਂ ਤੀਕ ਪੁੱਜਦੀ ਬਾਣੀ ਅੰਦਰਲੇ ਪੰਜ ਦੁਸਟਾਂ ਨੂੰ ਕਾਬੂ ਵਿਚ ਰੱਖਦੀ ਤੇ ਸਰਬਲੋਹੀ ਭਗਉਤੀ ਬਾਹਰਲੇ ਦੁਸਟਾਂ ਦੇ ਸੋਧੇ ਲਾਉਂਦੀ। ਸੋ ਦਰਬਾਰ ਸਾਹਿਬ ਦੇ ਦਰਸਨ ਇਸ਼ਨਾਨ ਸਿੰਘਾਂ ਦਾ ਨਿਤਨੇਮ ਹੀ ਸੀ।
ਭਾਈ ਹਰੀ ਸਿੰਘ ਭੰਗੀ ਤਾਂ ਤਾ ਉਮਰ ਮਹਾਰਾਜ ਦੇ ਇਹਨਾਂ ਬਚਨਾ ਨੂੰ ਪਾਲਦਾ ਰਿਹਾ ਕਿ,
"ਪਾਲਾ ਕਕਰੁ ਵਰਫ ਵਰਸੈ ਗੁਰਸਿਖੁ ਗੁਰ ਦੇਖਣ ਜਾਈ॥
ਸਭੁ ਦਿਨਸੁ ਰੈਣਿ ਦੇਖਉ ਗੁਰੁ ਅਪੁਨਾ ਵਿਚਿ ਅਖੀ ਗੁਰ ਪੈਰ ਧਰਾਈ॥
ਮੀਂਹ ਆਵੇ, ਹਨੇਰੀ ਝੱਖੜ ਆਵੇ ਉਸ ਦਾ ਨਿਤਾ ਪ੍ਰਤੀ ਕਰਮ ਸੀ ਕਿ ਪਹਿਲਾਂ ਦਰਬਾਰ ਸਾਹਿਬ ਅਤੇ ਅਕਾਲ ਬੁੰਗੇ ਦੇ ਦਰਸਨ ਕਰਨੇ, ਫੇਰ ਅੰਨ