

ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ॥
ਰੋਗ ਸੋਗ ਸਭਿ ਮਿਟਿ ਗਏ ਨਿਤ ਨਵਾ ਨਿਰੋਆ॥
ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਨ ਮੋਆ॥
ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ॥
ਹੁਕਮਨਾਮਾ ਸੁਣਦਿਆਂ ਹੀ ਸਿੰਘਾਂ ਨੂੰ ਚਾਅ ਚੜ੍ਹ ਗਿਆ। ਉਹਨਾਂ ਜੰਗੀ ਨਗਾਰੇ ਵਜਾ ਦਿੱਤੇ, ਜੈਕਾਰੇ ਛੱਡ ਦਿੱਤੇ।। ਸਭ ਨੂੰ ਜਾਪਣ ਲੱਗਿਆ ਮਾਨੋ ਕਸੂਰ ਮਾਰ ਹੀ ਲਈ ਹੈ। ਸਿੰਘਾਂ ਰਲ ਕੇ ਗੁਰਮਤਾ ਕੀਤਾ ਤੇ ਸਵੇਰੇ ਅੰਮ੍ਰਿਤ ਵੇਲੇ ਹੀ ਕੂਚ ਕਰਨ ਦਾ ਨਿਰਣਾ ਲਿਆ। ਹੁਣ ਜਦ ਮਹਾਰਾਜ ਨੇ ਹੀ ਆਗਿਆ ਦੇ ਦਿੱਤੀ ਸੀ ਤਾਂ ਖਾਲਸੇ ਨੇ ਕੋਈ ਚੰਗਾ ਮਾੜਾ ਦਿਨ ਥੋੜਾ ਉਡੀਕਣਾ ਸੀ ਤੇ ਨਾ ਹੀ ਜਿਆਦਾ ਬਹਿਸਾਂ ਵਿਚ ਪੈਣਾ ਸੀ।
ਸਰਦਾਰ ਹਰੀ ਸਿੰਘ ਭੰਗੀ ਲਈ ਤਾਂ ਰਾਤ ਕੱਟਣੀ ਔਖੀ ਹੋਈ ਪਈ ਸੀ। ਉਸ ਨੂੰ ਤਾਂ ਕਸੂਰ ਖਾਲਸੇ ਅੱਗੇ ਝੁਕਿਆ ਦਿਖਾਈ ਦੇ ਰਿਹਾ ਸੀ। ਉਸ ਨੇ ਸੁਪਨਾ ਦੇਖਿਆ ਕਿ ਲੱਖਾਂ ਭੇਡਾਂ ਦੇ ਵੰਗ ਨੂੰ ਇਕ ਸ਼ੇਰ ਦਵੱਲੀ ਫਿਰਦਾ ਸੀ।
"ਕਦ ਰਾਤ ਬੀਤੇਗੀ, ਕਦ ਦਲ ਕੂਚ ਕਰੇਗਾ", ਸਰਦਾਰ ਪਿਆ ਹੋਇਆ ਬੋਲਿਆ।
ਭੰਗੀ ਮਿਸਲ ਦੇ ਸੂਰਮਿਆਂ ਨੇ ਅੰਮ੍ਰਿਤ ਵੇਲੇ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਪੰਜ ਹਜ਼ਾਰ ਸਿੰਘਾਂ ਦਾ ਜੱਥਾ ਪਿੱਪਲੀ ਸਾਹਿਬ ਵੱਲ ਚੱਲ ਪਿਆ। ਪਿੱਪਲੀ ਸਾਹਿਬ ਹੀ ਉਹਨਾਂ ਨੂੰ ਬਾਕੀ ਚਾਰ ਮਿਸਲਾਂ ਨੇ ਮਿਲਣਾ ਸੀ।
ਸਿੰਘਾਂ ਦਾ ਦਸ ਕੁ ਹਜ਼ਾਰ ਘੋੜਸਵਾਰ ਤੇ ਪੰਜ ਕੁ ਹਜ਼ਾਰ ਪੈਦਲ ਦਾ ਇਕੱਠਾ ਖਲੋਤਾ ਲਸ਼ਕਰ ਕਸੂਰੀਆਂ ਦਾ ਕਾਲ ਹੀ ਜਾਪ ਰਿਹਾ ਸੀ। ਮੁਖੀ ਸਿੰਘਾਂ ਨੇ ਫੈਸਲਾ ਕਰਕੇ ਖਾਲਸੇ ਦੇ ਹੁਕਮਨਾਮੇ ਚਾਰੇ ਪਾਸੀਂ ਭਿਜਵਾ ਦਿੱਤੇ,
"ਗੁਰੂ ਸਵਾਰੇ ਖਾਲਸਾ ਜੀ, ਪੰਥ ਨੇ ਮਹਾਰਾਜ ਦਾ ਓਟ ਆਸਰਾ ਲੈ ਕੇ ਕਸੂਰ ਉੱਤੇ ਹੱਲਾ ਕਰਨ ਦਾ ਨਿਰਣਾ ਕਰ ਲਿਆ ਹੈ। ਖਾਲਸੇ ਪੰਥ ਦੀ ਲਾਜ ਹਿਤ ਜਿਸ ਤੈਨੂੰ ਵੀ ਲੜਨ ਮਰਨ ਦਾ ਚਾਉ ਹੈ ਤੁਰੰਤ ਗੁਰੂ ਕੀ ਵਡਾਲੀ ਆ ਦਰਸ਼ਨ ਦੇਵੇ"
ਦਲ ਨੇ ਦੂਜਾ ਪੜਾਅ ਗੁਰੂ ਕੀ ਵਡਾਲੀ ਕਰਨਾ ਸੀ। ਪੰਜ ਕੁ ਹਜ਼ਾਰ ਸਿੰਘ ਗੁਰੂ ਕੀ ਵਡਾਲੀ ਦਲ ਨੂੰ ਆ ਮਿਲਿਆ। ਹੌਲੀ ਹੌਲੀ ਜਿਵੇਂ ਜਿਵੇਂ ਸਿੰਘਾਂ ਨੂੰ ਪੰਥ ਦਾ ਸੁਨੇਹਾ ਮਿਲ ਰਿਹਾ ਸੀ ਗਿਣਤੀ ਵਧਦੀ ਜਾ ਰਹੀ ਸੀ। ਦਲ ਦਾ ਅਗਲਾ ਪੜਾਅ ਰਾਜੇ ਤਾਲ ਸੀ, ਜਿੱਥੇ ਚਾਰ ਕੁ ਹਜ਼ਾਰ ਸਿੰਘ ਹੋਰ ਆ ਰਲੇ।