

ਹੁਣ ਸਿੰਘਾਂ ਦੀ ਗਿਣਤੀ ਚੌਵੀ ਹਜ਼ਾਰ ਹੋ ਚੁੱਕੀ ਸੀ ਤੇ ਕਸੂਰੀ ਪਨਾਨਾ ਦੀ ਗਿਣਤੀ ਬਾਰਾਂ ਲੱਖ ਸੀ। ਕੁਝ ਸਿੰਘਾਂ ਨੇ ਸਰਦਾਰ ਹਰੀ ਸਿੰਘ ਨੂੰ ਹਜ ਵੀ ਗਿਣਤੀਆਂ ਮਿਣਤੀਆਂ ਵਿਚ ਪਾਉਣ ਦਾ ਜਤਨ ਕੀਤਾ, ਪਰ ਸਰਦਾਰ ਤਾਂ ਆਪਣੇ ਫੈਸਲੇ 'ਤੇ ਅਟੱਲ ਸੀ। ਸ਼ੁੱਕਰਚੱਕੀਆ ਸੂਰਮਾ ਸਰਦਾਰ ਚੜਤ ਸਿੰਘ ਵੀ ਉਸ ਦੇ ਮੋਢੇ ਨਾਲ ਮੋਢਾ ਲਾ ਕੇ ਖਲੋਤਾ ਸੀ।
ਰਾਹ ਵਿਚ ਮਿਲਦੇ ਲੋਕ ਜੇ ਜੰਗ ਵਿਚ ਗਿਣਤੀ ਨੂੰ ਵੱਧ ਅਹਿਮੀਅਤ ਦਿੰਦੇ ਸਨ, ਉਹ ਬੋਲਦੇ, "ਕਿੱਥੇ ਮਾਰ ਲੈਣਗੇ ਜੀ ਇਹ ਕਸੂਰ ਨੂੰ, ਏਨੀ ਛੋਟੀ ਗਿਣਤੀ ਦੇ ਹੁੰਦਿਆਂ ਕਦ ਸਰ ਹੁੰਦੇ ਨੇ ਕਸੂਰ ਜਹੇ ਮੋਰਚੇ
ਪਰ ਜੋ ਖਾਲਸੇ ਦੀ ਤਾਸੀਰ ਤੋਂ ਜਾਣੂ ਹੁੰਦੇ, ਆਖਦੇ, "ਕਸੂਰ ਤਾਂ ਜੀ ਹੁਣ ਗਈ ਜਾਣੋ, ਪੰਥ ਜਦ ਤਹਈਆ ਕਰ ਲਵੇ ਤਾਂ ਬ੍ਰਹਿਮੰਡਾਂ ਨੂੰ ਜਿੱਤ ਲਵੇ, ਕਸੂਰ ਕਿਸ ਖੇਤ ਦੀ ਮੂਲੀ, ਹੁਣ ਨਹੀਂ ਬਚਦੀ"
"ਜੇ ਸਾਰੇ ਕਸੂਰੀਆਂ ਨੇ ਰਲ ਕੇ ਸ਼ਹਿਰ ਤੋਂ ਬਾਹਰ ਆ ਮੋਰਚਾ ਮੱਲ ਲਿਆ ਤਾਂ ਇਹਨਾਂ ਭੇਜਦਿਆਂ ਬਿੰਦ ਨਹੀਂ ਲਾਉਣਾ", ਕਿਸੇ ਰਾਹਗੀਰ ਨੇ ਬੋਲ ਮਾਰੇ, ਜੋ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਸੁਣ ਲਏ,
"ਭੱਜਣ ਵਾਲਿਆਂ ਦਾ ਤਾਂ ਪੰਥ ਹੀ ਨਹੀਂ ਇਹ ਭਾਈ। ਵਿਸਾਖੀ ਵਾਲੇ ਦਿਨ ਪਕਿਆਈ ਪਰਖੀ ਗਈ ਹੈ। ਮੀਂਹਾਂ, ਝੱਖੜਾਂ ਤੇ ਪਾਲਿਆਂ ਨੂੰ ਪਿੰਡੇ 'ਤੇ ਸਹਿ ਕੇ ਵਾਢੀ ਜੋਗ ਹੋਇਆ ਹੈ। ਸੋ ਹੁਣ ਨਹੀਂ ਥਿੜਕਦਾ ", ਸਰਦਾਰ ਨੇ ਹੱਸਦਿਆਂ ਹੋਇਆਂ ਰਾਹਗੀਰ ਨੂੰ ਜਵਾਬ ਦਿੱਤਾ।
"ਪੰਥ ਸਲਾਹ ਕਰਕੇ ਕਸੂਰ ਮਾਰਨ ਚੜਿਆ ਹੈ ਭਾਈ। ਪਰਸਵਾਰਥ ਜਾਨ ਕੁਰਬਾਨ ਕਰਨ ਚੱਲਿਆ ਹੈ ਪਰਮਾਤਮਾ ਸਹਾਈ ਹੋਵੇਗਾ", ਗੱਲਾਂ ਕਰ ਰਹੇ ਦੋ ਰਾਹਗੀਰਾਂ ਵਿਚੋਂ ਇਕ ਬੋਲਿਆ।
"ਜਦੋਂ ਕਸੂਰੀਆਂ ਅੱਗੋਂ ਤੋਪਾਂ ਦੇ ਮੂੰਹ ਖੋਲ੍ਹ ਦਿੱਤੇ, ਓਦੋਂ ਪੰਥ ਦੀ ਸਲਾਹ ਕੌਣ ਪੁੱਛਦਾ ਹੈ ਦੇਖਾਂਗੇ... ". ਦੂਜੇ ਨੇ ਜਵਾਬ ਦਿੱਤਾ।
"ਸ੍ਰੀ ਗ੍ਰੰਥ ਜੀ ਮਹਾਰਾਜ ਨੇ ਆਪ 'ਵਾਜ ਦਿੱਤੀ ਹੈ, ਉਹੀ ਸਹਾਈ ਹੋਣਗੇ ਤੇ ਕਦੇ ਨਾ ਝੁਕਣ ਵਾਲੀ ਕਸੂਰ ਨੂੰ ਦੁਨੀਆਂ ਖਾਲਸੇ ਅੱਗੇ ਗੋਡਿਆਂ ਭਾਰ ਦੇਖੇਗੀ", ਫਰਲੇ ਵਾਲਾ ਇਕ ਮਹਾਕਾਲ ਭੁਜੰਗੀ ਬੋਲਿਆ।
ਕੱਚੇ ਕੱਚੀਆਂ ਕਰ ਰਹੇ ਸਨ ਤੇ ਪੱਕੇ ਪਕਿਆਈ ਵਾਲੀਆਂ। ਇਸ ਤਰ੍ਹਾਂ ਇਹਨਾਂ ਕੱਚੀਆਂ ਪੱਕੀਆਂ ਨੂੰ ਸੁਣਦਾ ਸਿਖ ਦਲ ਕਸੂਰ ਵੱਲ ਅੱਗੇ ਵਧ ਰਿਹਾ