

"ਨਿਹਾਰੀ ਤੇ ਕਬਾਬ ਖਾਣ ਲਈ ਹੀ ਪਾਲ ਰਹੇ ਹਾਂ ਅਸੀਂ ਤਾਂ ਤੁਹਾਨੂੰ. ਬਿਪਤਾ ਪੈਣ ਤੋਂ ਪਹਿਲਾਂ ਕਦੇ ਕੰਮ ਨਹੀਂ ਆਏ ਤੁਸੀਂ " ਉਹ ਹਲਕਾਰਿਆਂ ਨੂੰ ਬੋਲਿਆ ਤੇ ਸਭ ਸੂਹੀਏ ਸਿਰ ਨਿਵਾਈ ਖੜ੍ਹੇ ਸਨ।
ਪਰ ਹੁਣ ਜੈਨਾ ਚਾਹੇ ਕਿਸੇ 'ਤੇ ਵੀ ਗੁੱਸਾ ਕੱਢ ਲੈਂਦਾ, ਲੰਘਿਆ ਵੇਲਾ ਤਾਂ ਹਥ ਨਹੀਂ ਆ ਸਕਦਾ ਸੀ।
"ਕਿਉਂ ਨਾ ਆਪਾਂ ਆਲਾ ਸਿਹੁੰ ਨੂੰ ਸੁਨੇਹਾਂ ਘਲਵਾ ਕੇ ਦੇਖੀਏ..", ਉਸ ਨੇ ਵਜੀਰਾਂ ਨੂੰ ਪੁੱਛਿਆ, ਕਿਸੇ ਵੀ ਤਰ੍ਹਾਂ ਉਹ ਇਸ ਬਿਪਤਾ ਤੋਂ ਬਚਣਾ ਚਾਹੁੰਦਾ ਸੀ।
"ਅਣਗਿਣਤ ਵਾਰ ਅਸੀਂ ਪਹਿਲਾਂ ਵੀ ਸੰਧੀ ਦੇ ਜਤਨ ਕਰ ਚੁੱਕੇ ਹਾਂ ਤੇ ਹਰ ਵਾਰ ਸਿੰਘਾਂ ਨੇ ਸਾਡੀਆਂ ਜਾਇਦਾਦਾਂ ਤੇ ਇਲਾਕਿਆਂ ਦੀਆਂ ਪੇਸ਼ਕਸਾਂ ਠੁਕਰਾਈਆਂ ਨੇ । ਹੁਣ ਜਦ ਸਿੰਘ ਸਰਹੰਦ ਪੁੱਜ ਹੀ ਗਏ ਹਨ ਤੇ ਸ਼ਹਿਰ ਉਹਨਾਂ ਦੇ ਕਬਜ਼ੇ ਵਿਚ ਹੀ ਹੈ ਤਾਂ ਅਸੀਂ ਹੋਰ ਕੀ ਲਾਲਚ ਦੇ ਲਵਾਂਗੇ ਉਹਨਾਂ ਨੂੰ... ਨਾਲੇ ਹੁਣ ਸੁਨੇਹੇਂ ਘਲਾਉਣ ਦਾ ਸਮਾ ਵੀ ਕਦ ਬਚਿਆ ਹੈ ਸਾਡੇ ਕੋਲ... ਦਰਬਾਰੀ ਦੀ ਗੱਲ ਸੁਣ ਕੇ ਜ਼ੈਨਾ ਚੁੱਪ ਹੋ ਗਿਆ।
ਉਸ ਦਾ ਵੱਸ ਚੱਲਦਾ ਤਾਂ ਉੱਡ ਕੇ ਸਰਹੰਦ ਦੇ ਕਿਲ੍ਹੇ ਵਿਚ ਪਹੁੰਚ ਜਾਂਦਾ। ਸ਼ਾਇਦ ਹੀ ਜ਼ੈਨ ਖਾਂ ਨੇ ਕਦੇ ਆਪਣੇ ਆਪ ਨੂੰ ਏਨਾ ਕੋਸਿਆ ਹੋਵੇ, ਜਿੰਨਾ ਉਹ ਅੱਜ ਮਾਮਲਾ ਇਕੱਠਾ ਕਰਨ ਲਈ ਬਾਹਰ ਜਾਣ ਕਰਕੇ ਕੋਸ ਰਿਹਾ ਸੀ। ਘੱਲੂਘਾਰਾ ਹੋਣ ਮਗਰੋਂ ਕਿੰਨੇ ਮਹੀਨਿਆਂ ਤੋਂ ਹੀ ਉਹ ਕਿਲ੍ਹੇ ਵਿਚੋਂ ਬਾਹਰ ਨਹੀਂ ਨਿਕਲਿਆ ਸੀ। ਸਿੰਘਾਂ ਨੇ ਮਲੇਰਕੋਟਲਾ ਮਾਰਿਆ, ਖੇੜੀ ਤੇ ਮੋਰਿੰਡਾ ਤਬਾਹ ਕੀਤੇ, ਕੁਰਾਲੀ ਲਛਮੀ ਨਰਾਇਣ ਨੂੰ ਲੁੱਟਿਆ, ਪਰ ਜ਼ੈਨਾ ਕਦੇ ਸਰਹੰਦ ਛੱਡ ਕੇ ਨਹੀਂ ਗਿਆ। ਪਰ ਅੱਜ...
ਅਸਲ ਵਿਚ ਅੱਜ ਬਾਹਰ ਜਾਣਾ ਜ਼ੈਨੇ ਦੀ ਮਜਬੂਰੀ ਵੀ ਬਣ ਗਿਆ ਸੀ। ਇਕ ਤਾਂ ਏਨੇ ਮਹੀਨਿਆਂ ਤੋਂ ਅੰਦਰ ਬੈਠੇ ਰਹਿਣ ਕਰਕੇ ਖਰਚਾ ਬਹੁਤਾ ਹੋ ਗਿਆ ਸੀ ਤੇ ਅੰਦਰੋਂ ਸਰਕਾਰੀ ਖਜ਼ਾਨਾ ਮੁੱਕਦਾ ਜਾ ਰਿਹਾ ਸੀ ਤੇ ਦੂਜਾ ਬਾਹਰ ਸਿੰਘਾਂ ਦੀ ਚੜ੍ਹਤ ਵਧਣ ਕਰਕੇ ਬਹੁਤੀਆਂ ਥਾਵਾਂ ਤੋਂ ਮਾਮਲਾ ਆਉਣਾ ਬੰਦ ਹੋਇਆ ਪਿਆ ਸੀ। ਤਨਖਾਹ ਨਾ ਦੇਣ ਕਰਕੇ ਫੌਜ ਰੋਲਾ ਪਾ ਰਹੀ ਸੀ ਤੇ ਉਹ ਕਿੰਨੇ ਚਿਰ ਤੋਂ ਉਹਨਾਂ ਨੂੰ ਅਫਗਾਨ ਗਿਲਜਿਆਂ ਦਾ ਡਰ ਦੇ ਕੇ ਚੁੱਪ ਕਰਵਾ ਰਿਹਾ ਸੀ। ਜ਼ੈਨ ਖਾਂ ਦੇ ਜ਼ੁਲਮਾਂ ਤੋਂ ਹੁਣ ਉਸ ਦੀ ਸੈਨਾ ਵੀ ਅੱਕੀ ਪਈ ਸੀ।