

ਨਹੀਂ ਆਉਣਾ", ਬਾਬਾ ਤਾਰਾ ਸਿੰਘ ਸਿੰਘਾਂ ਨੂੰ ਚੇਤੇ ਕਰਵਾ ਰਹੇ ਸਨ।
ਸਿੰਘਾਂ ਮਤਾ ਇਹ ਪਾਇਆ ਸੀ ਕਿ ਅੰਦਰ ਵੜ੍ਹਦਿਆਂ ਜਿਹੜੇ ਸਿੰਘ ਦਾ ਜਿੱਧਰ ਵੀ ਮੂੰਹ ਹੋਵੇ, ਉਹੀ ਕੰਧ ਪਾੜ ਕੇ ਬਾਹਰ ਨਿਕਲਣਾ ਹੈ। ਸਿੰਘਾਂ ਨੇ ਕਿਲ੍ਹੇ ਦੀਆਂ ਸਾਰੀਆਂ ਬਾਹੀਆਂ ਆਪਸ ਵਿਚ ਵੰਡ ਲਈਆਂ। ਹੱਥਾਂ ਵਿਚ ਹਥੌੜੇ ਫੜ੍ਹ ਕੇ ਸਿੰਘ ਕਿਲ੍ਹੇ ਦੀਆਂ ਕੰਧਾਂ ਢਾਹੁਣ ਲੱਗੇ। ਸਿੰਘਾਂ ਦੀ ਗਿਣਤੀ ਏਨੀ ਸੀ ਕਿ ਹਰ ਕਿਸੇ ਦੇ ਹਿੱਸੇ ਚੱਪਾ ਚੱਪਾ ਥਾਂ ਹੀ ਆਈ ਤੇ ਕੁਝ ਘੜੀਆਂ ਵਿਚ ਹੀ ਮਾਣ ਨਾਲ ਆਕੜਿਆ ਖਲੋਤਾ ਸਰਹੰਦ ਦਾ ਕਿਲ੍ਹਾ ਮਲਬੇ ਦਾ ਇਕ ਵੱਡਾ ਢੇਰ ਬਣ ਕੇ ਰਹਿ ਗਿਆ।
ਹੁਣ ਵਾਰੀ ਨੀਹਾਂ ਦੀ ਸੀ।
ਕਿਲ੍ਹੇ ਨੂੰ ਢਾਹ ਕੇ ਬਹੁਤੇ ਸਿੰਘ ਤਾਂ ਸ਼ਹਿਰ ਕੰਨੀਂ ਜਾ ਪਏ ਤੇ ਉਸ ਨੂੰ ਮਿੱਟੀ ਵਿਚ ਮਿਲਾਉਣ ਲੱਗੇ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਕੁਝ ਸਿੰਘਾਂ ਨੂੰ ਕੋਲ ਸੱਦਿਆ ਤੇ ਤੇਜ਼ੀ ਨਾਲ ਕਿਸੇ ਪਾਸੇ ਦੌੜਾਇਆ। ਸਭ ਸਿੰਘ ਉਤਸੁਕਤਾ ਭਰੀ ਹੈਰਾਨੀ ਨਾਲ ਦੇਖ ਰਹੇ ਸਨ। ਕੁਝ ਸਮੇਂ ਮਗਰੋਂ ਹੀ ਸਰਦਾਰ ਜੱਸਾ ਸਿੰਘ ਦੇ ਭੇਜੇ ਸਿੰਘ ਵਾਪਸ ਆਏ। ਸਭ ਦੇਖ ਕੇ ਹੈਰਾਨ ਹੋ ਰਹੇ ਸਨ ਕਿ ਉਹ ਸਿੰਘ ਸੈਕੜੇ ਗਧਿਆਂ ਨੂੰ ਹੱਕੀ ਆਉਂਦੇ ਸਨ।
"ਮਹਾਰਾਜ ਦੇ ਬਚਨ ਨੇ ਖਾਲਸਾ ਜੀ, ਕਿ ਸਰਹੰਦ ਵਿਚ ਗਧਿਆਂ ਨਾਲ ਹਲ਼ ਵਾਹੇ ਜਾਣਗੇ, ਸੋ ਮਹਾਰਾਜ ਦੇ ਬੋਲ ਪੁਗਾਉਣ ਦਾ ਵੇਲਾ ਆ ਗਿਆ ਹੈ।". ਜਥੇਦਾਰ ਬਾਬਾ ਸ਼ਾਮ ਸਿੰਘ ਸਿੰਘਾਂ ਦੀ ਉਤਸੁਕਤਾ ਤੇ ਹੈਰਾਨੀ ਦੇਖਦਿਆਂ ਬੋਲੇ।
ਸਾਰੇ ਵੱਡੇ ਸਰਦਾਰਾਂ ਨੇ ਗਧਿਆਂ ਮਗਰ ਹਲ ਜੋਤ ਲਏ ਤੇ ਕਿਲ੍ਹੇ ਵਿਚ ਵਾਹੁਣ ਲੱਗੇ। ਹਲਾਂ ਦੀਆਂ ਵਾਲਾਂ ਨਾਲ ਕਿਲ੍ਹੇ ਦੀਆਂ ਨੀਹਾਂ ਉਖੇੜੀਆਂ ਜਾਣ ਲੱਗੀਆਂ।
"ਮੇਰੇ ਪਿਤਾ ਰਾਇ ਸਿੰਘ ਵੀ ਇਸ ਹੱਲੇ ਵੇਲੇ ਸਿੰਘਾਂ ਦੇ ਨਾਲ ਸਨ। ਉਹ ਦੱਸਿਆ ਕਰਦੇ ਸਨ ਕਿ ਸਾਰਾ ਸ਼ਹਿਰ ਮਿੱਟੀ ਵਿਚ ਮਿਲਾਉਣ ਤੋਂ ਬਾਅਦ ਸਿੰਘਾਂ ਨੇ ਉਸ ਵਿਚ ਗਧਿਆਂ ਨਾਲ ਹਲ਼ ਫੇਰਿਆ ਤੇ ਸਰਹੰਦ ਦੀਆਂ ਜੜ੍ਹਾਂ ਉਖੇੜ ਦਿੱਤੀਆਂ।'", ਬਾਬਾ ਭੰਗ ਦੱਸਦਾ ਬੋਲਿਆ।
"ਨਾਲ ਹੀ ਮਹਾਰਾਜ ਦੇ ਇਹਨਾਂ ਬੋਲਾਂ ਕਿ,
'ਮੇਰਾ ਖਾਲਸਾ ਸਰਹੰਦ ਦੀ ਇੱਟ ਇੱਟ ਉਖਾੜੇਗਾ ਤੇ ਉਸ ਨੂੰ ਦਰਿਆ ਵਿਚ ਰੋੜ੍ਹੇਗਾ'