

ਦੀ ਦਿਨੋਂ ਦਿਨ ਵਧ ਰਹੀ ਤਾਕਤ ਤੇ ਅਬਦਾਲੀ ਨੂੰ ਬੁਰੀ ਤਰ੍ਹਾਂ ਭਜਾ ਦੇਣ ਕਰਕੇ ਗਿਲਜਿਆਂ ਨੇ ਕਿਲੇ ਦਾ ਪਹਿਰਾ ਸਖ਼ਤ ਕੀਤਾ ਹੋਇਆ ਸੀ। ਉੱਡ ਜਾਂਦੇ ਪਰਿੰਦੇ ਨੂੰ ਵੀ ਅਫਗਾਨ ਨਿਸ਼ਾਨਚੀ ਗੋਲੀ ਮਾਰ ਕੇ ਫੰਡ ਦਿੰਦੇ ਸਨ। ਸਿੱਖਾਂ ਦੇ ਦੁਸ਼ਮਲੇ ਵਿਚ ਇਹ ਗੱਲ ਸਦਾ ਪ੍ਰਚੱਲਤ ਰਹੀ ਹੈ ਕਿ ਸਿੰਘਾਂ ਨੂੰ 'ਗੁਰੂ' ਨੇ ਜੋ ਆਬੇ ਹਯਾਤ ਬਖਸ਼ਿਆ ਹੈ, ਉਸ ਨਾਲ ਇਹ ਕੋਈ ਵੀ ਭੇਸ ਵਟਾ ਸਕਦੇ ਸਨ।
ਸਿੰਘਾਂ ਦੇ ਬੋਲਿਆਂ ਵਿਚੋਂ ਵੀ ਇਹ ਵਾਕ ਅਕਸਰ ਸੁਣੇ ਜਾ ਸਕਦੇ ਸਨ,
"ਬਾਣੀ ਬਾਣਾ ਪੰਖ ਪਛਾਣੋ
ਸਿੰਘ ਗੁਰੂ ਕਾ ਪੰਖੀ ਜਾਣੋ'
ਸੋ ਇਹਨਾਂ ਬੋਲਾਂ ਦੀ ਵਿਆਖਿਆ ਮੁਗਲਾਂ, ਪਠਾਨਾ ਦੇ ਵਿਦਵਾਨਾ ਨੇ ਕੁਝ ਇਸ ਤਰ੍ਹਾਂ ਹੀ ਕੀਤੀ ਸੀ ਕਿ ਸਿਖ ਜਦੋਂ ਚਾਹੁਣ ਪੰਖੀ ਦਾ ਭੇਸ ਵਟਾ ਸਕਦੇ ਹਨ। ਖਾਸ ਕਰਕੇ ਬਾਜ਼। ਬਾਜ਼ ਨੂੰ ਤਾਂ ਇਹਨੀਂ ਦਿਨੀਂ ਸੂਹੀਆ ਸਿੰਘ ਹੀ ਸਮਝਿਆ ਜਾਂਦਾ ਸੀ।
ਪਰ ਬਾਜ਼ਾਂ ਨੇ ਕਦ ਝੱਖੜਾਂ ਦੀ ਪਰਵਾਹ ਕੀਤੀ ਹੈ। ਹਨੇਰੀਆਂ ਨੇ ਕਦੋਂ ਉਕਾਬਾਂ ਦੀ ਉਡਾਨ ਨੂੰ ਡੱਕਿਆ ਹੈ। ਸਰਦਾਰ ਚੜ੍ਹਤ ਸਿੰਘ ਤਾਂ ਗੁਰੂ ਕਾ ਐਸਾ ਬਾਜ਼ ਸੀ, ਜਿਹੜਾ ਜਦੋਂ ਧਾਰ ਲੈਂਦਾ ਸੀ ਤਾਂ ਹਿਮਾਲਿਆ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਵੀ ਉਸ ਅੱਗੇ ਬੌਣੀਆਂ ਜਾਪਦੀਆਂ ਸਨ।
ਸਰਦਾਰ ਅਤੇ ਉਸ ਦੇ ਸਾਥੀਆਂ ਦਿਆਂ ਤੁਰੰਗਾਂ ਨੇ ਵੇਹਦਿਆਂ ਵੇਹਦਿਆਂ ਜਿਹਲਮ ਪਾਰ ਕਰ ਲਿਆ ਤੇ ਇਸ ਤੋਂ ਪਹਿਲਾਂ ਕਿ ਅਫਗਾਨ ਸੂਹੀਏ ਸਰ ਬੁਲੰਦ ਖਾਂ ਨੂੰ ਖਬਰ ਪੁਚਾਉਂਦੇ, ਸਰਦਾਰ ਰੁਹਤਾਸ ਦੇ ਕਿਲ੍ਹੇ ਅੱਗੇ ਬੜ੍ਹਕ ਰਿਹਾ ਸੀ। ਗਿਲਜਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ।
"ਕਿਸ ਦਾ ਜੱਥਾ ਹੈ...?", ਬੁਲੰਦ ਖਾਂ ਨੇ ਸੂਹੀਏ ਨੂੰ ਪੁੱਛਿਆ।
"ਚੜ੍ਹਤ ਸਿੰਘ ਦਾ ਹਜ਼ੂਰ...
"ਯਾ ਖੁਦਾ... ", ਬੁਲੰਦ ਖਾਂ ਨੂੰ ਭਾਵੇਂ ਆਪਣੇ ਕਿਲ੍ਹੇ ਦੇ ਗਿਲਜਈ ਘੇਰੇ ਦਾ ਹੰਕਾਰ ਸੀ, ਪਰ ਫੇਰ ਵੀ ਸਰਦਾਰ ਦਾ ਨਾਮ ਸੁਣ ਕੇ ਇਕ ਵਾਰ ਤਾਂ ਉਸ ਦੇ ਮੂੰਹੋਂ, 'ਯਾ ਖੁਦਾ", ਨਿਕਲ ਹੀ ਗਿਆ।
"ਕੋਈ ਫਿਕਰ ਨਹੀਂ.. ਕਿਲ੍ਹੇ ਦੀਆਂ ਬਾਹੀਆਂ ਤੇ ਬੁਰਜ਼ਾਂ ਦਾ ਪਹਿਰਾ ਹੋਰ ਸਖਤ ਕਰੋ ਤੇ ਪੰਜ ਹਜ਼ਾਰ ਘੋੜਸਵਾਰ ਚੜ੍ਹਤ ਸਿੰਘ ਦੇ ਮੁਕਾਬਲੇ ਲਈ ਕਿਲ੍ਹੇ ਤੋਂ ਬਾਹਰ ਭੇਜੋ.. "