

ਹਸਦਿਆਂ ਹੋਇਆ ਸਿੰਘ ਸਰ ਬੁਲੰਦ ਖਾਂ ਨੂੰ ਪਾਲਕੀ ਵਿਚ ਬਿਠਾਉਣ ਲੱਗੇ . "ਸਿਰ ਬਚਾ ਕੇ ਖਾਨ ਸਾਹਬ", ਪਾਲਕੀ ਦੀ ਛੱਤ ਨਾਲ ਵੱਜਦੇ ਸਰ ਬੁਲੰਦ ਖਾਨ ਦੇ ਸਿਰ ਨੂੰ ਬਚਾਉਂਦਿਆਂ ਇਕ ਸਿੰਘ ਬੋਲਿਆ। ਪਾਲਕੀ ਦੇ ਮਗਰ ਬਾਦ ਬਣਾਏ ਗਏ ਗਿਲਜਿਆਂ ਦੀ ਇਕ ਛੋਟੀ ਟੁਕੜੀ ਵੀ ਤੋਰ ਲਈ ਗਈ।
ਤੇ ਮਗਰੋਂ ਇਸੇ ਤਰ੍ਹਾਂ ਕੀਤਾ ਗਿਆ । ਜਿਸ ਵੀ ਮੁਹਿੰਮ 'ਤੇ ਸਰਦਾਰ ਚੜ੍ਹਤ ਸਿੰਘ ਚੜ੍ਹਦਾ ਪਾਲਕੀ ਨਾਲ ਹੀ ਲਿਜਾਂਦਾ। ਜਦ ਵੀ ਕੋਈ ਪੁੱਛਦਾ ਕਿ ਇਸ ਵਿਚ ਕੌਣ ਹੈ ਤਾਂ ਸਿੰਘ ਬੋਲਦੇ,
"ਅਬਦਾਲੀ ਦਾ ਚਾਚਾ"
ਕਦੇ ਕਦੇ ਹੱਤਕ ਮਹਿਸੂਸ ਕਰਦਾ ਹੋਇਆ ਬੁਲੰਦ ਖਾਨ ਸਿੰਘਾਂ ਨੂੰ ਬੇਨਤੀ ਕਰਦਾ, ਤਰਲੇ ਪਾਉਂਦਾ ਕਿ ਉਸ ਨੂੰ ਛੱਡ ਦੇਣ ਤਾਂ ਸਿੰਘ ਅੱਗੋਂ ਬੋਲਦੇ,
“ਚੰਗਾ ਖਾਣ ਪੀਣ ਦੇ ਰਹੇ ਹਾਂ ਤੁਹਾਨੂੰ ਖਾਨ ਸਾਹਬ, ਪਾਲਕੀ ਵਿਚ ਲੈ ਕੇ ਜਾਂਦੇ ਹਾਂ ਨਾਲ ਜਿਧਰ ਵੀ ਜਾਂਦੇ ਹਾਂ, ਤੁਹਾਨੂੰ ਤਕਲੀਫ ਕਿਸ ਗੱਲ ਦੀ ਹੈ...", ਤੇ ਇਹ ਕਹਿੰਦਿਆਂ ਸਿੰਘ ਹੱਸਣ ਲੱਗਦੇ।
"ਬਸ ਇਹੋ ਤਕਲੀਫ ਹੈ... ਇਹੋ ਹਾਸਾ ਮਜ਼ਾਕ ਦਾ ਪਾਤਰ ਬਣ ਗਿਆ ਹਾਂ... ਮੈਨੂੰ ਡੋਲੀ ਵਿਚੋਂ ਕੱਢੇ ਫੇਰ ਭਾਵੇਂ ਗੋਲੀ ਮਾਰ ਦਿਓ ". ਤਰਲੇ ਪਾਉਂਦਾ ਖਾਨ ਬੋਲਿਆ।
" ਤੇ ਜਦ ਹਿੰਦੋਸਤਾਨ ਵਿਚੋਂ ਤੁਸੀਂ ਜਮਨਾ ਪਾਰ ਆਲੇ ਸਾਡੇ ਭਰਾਵਾਂ ਦੀਆਂ ਧੀਆਂ ਭੈਣਾ ਗਾਈਆਂ ਦੇ ਵੱਗ ਵਾਂਗ ਹੱਕ ਕੇ ਨਾਲ ਲਿਜਾਂਦੇ ਹੋ ਤਾਂ ਉਹਨਾਂ ਨੂੰ ਹੱਤਕ ਮਸੂਸ ਨਹੀਂ ਹੁੰਦੀ ਹੋਊ... ? ਤੁਹਾਡੀ ਤਕਲੀਫ ਤਕਲੀਫ ਹੈ ਤੇ ਦੂਜੇ ਦੀ ਤਕਲੀਫ ਮੌਜ ਮੇਲਾ ਹੈ ਤੁਹਾਡੇ ਲਈ... ਕੀ ਭੁੱਲ ਗਿਐ ਥੋਨੂੰ ਕਿਵੇਂ ਗਜ਼ਨੀ ਦੇ ਬਜ਼ਾਰਾਂ ਵਿਚ ਹਿੰਦੋਸਤਾਨੀ ਤੀਵੀਆਂ ਦੀ ਮੰਡੀ ਲੱਗਦੀ ਹੈ ?" ਇਕ ਸਿੰਘ ਰੋਹ ਵਿਚ ਆਉਂਦਾ ਹੋਇਆ ਬੋਲਿਆ।
“ਮੇਰੀ ਤੌਬਾ... ਜੇ ਕੋਈ ਕਹਿ ਦੇਵੇ ਕਿ ਇਕ ਵੀ ਔਰਤ ਵੇਚੀ ਜਾਂ ਖ੍ਰੀਦੀ ਹੈ ਤਾਂ ਮੈਂ ਤੁਹਾਡਾ ਦੇਣਦਾਰ ਹੋਵਾਂਗਾ. "
"ਸਾਨੂੰ ਬਹੁਤੀਆਂ ਗੱਲਾਂ ਦਾ ਨਹੀਂ ਪਤਾ,, ਪਰ ਜੇ ਹੁਣ ਰਿਹਾਈ ਚਾਹੁੰਦਾ ਹੈਂ ਤਾਂ ਕ੍ਰੋੜ ਰੁਪਈਆ ਲੱਗੇਗਾ. ਜੇ ਕਰ ਲਵੇਂਗਾ ਪ੍ਰਬੰਧ ਤਾਂ ਦੇਖ ਲੈ...", ਇਕ ਸਿੰਘ ਦੇ ਇਹ ਬੋਲ ਸੁਣ ਕੇ ਬੁਲੰਦ ਖਾਂ ਚੁੱਪ ਹੋ ਗਿਆ।
ਉਸ ਨੇ ਸਰਦਾਰ ਚੜ੍ਹਤ ਸਿੰਘ ਨੂੰ ਆਪਣੇ ਵੱਲ ਆਉਂਦਾ ਤੱਕਿਆ।