

ਚੀਕਿਆ, "ਕੋਈ ਮੈਨੂੰ ਇਹਨਾਂ ਦੀ ਕੁਝ ਸੂਹ ਤਾਂ ਦੇਵੇ. ਕੌਣ ਨੇ ਇਹ ... "
"ਨਵਾਬ ਕਪੂਰ ਸਿੰਘ, ਪੁੱਤਰ ਗੁਰੂ ਗੋਬਿੰਦ ਸਿੰਘ, ਪੋਤਰਾ ਗੁਰੂ ਤੇਗ ਬਹਾਦੁਰ, ਪੜਪੋਤਰਾ ਗੁਰੂ ਹਰਗੋਬਿੰਦ ਸਾਹਿਬ। ਇਕ ਅਕਾਲ ਨੂੰ ਧਿਆ ਮੱਥੇ ਨੂੰ ਭਗੋਤੀ ਛੁਹਾਉਣ ਵਾਲਾ ਦਸਵੇਂ ਪਿਤਾ ਦਾ ਦੂਲਾ ਪੁੱਤਰ ਖਾਲਸਾ ", ਦੂਰ ਜੰਗਲ ਵਿਚੋਂ ਆਵਾਜ਼ ਆਈ।
"ਇਕ ਦਿਨ ਦਿੱਲੀ ਇਹਨਾਂ ਅੱਗੇ ਝੁਕੇਗੀ, ਮੇਰੀ ਗੱਲ ਯਾਦ ਰੱਖੀਂ ", ਤਲਵਾਰ ਨੂੰ ਆਪਣਾ ਖਾਨਦਾਨ ਮੰਨਣ ਵਾਲਾ ਨਾਦਰ ਨਮੋਸ਼ੀ ਵਿਚ ਜ਼ਕਰੀਏ ਨੂੰ ਕਹਿ ਰਿਹਾ ਸੀ।
'ਅਬਦਾਲੀ ਨੂੰ ਅੱਜ ਨਾਦਰ ਦੇ ਉਹ ਬੋਲ ਯਾਦ ਆ ਰਹੇ ਸਨ।”
ਸਿੰਘ ਨੇ ਘੋੜਾ ਹੋਰ ਤੇਜ਼ ਕੀਤਾ। ਲਸ਼ਕਰ ਦੇ ਨੇੜੇ ਆਇਆ, ਰਕਾਬਾਂ 'ਤੇ ਭਾਰ ਦੇ ਕੇ ਅੱਗੇ ਨੂੰ ਝੁਕਿਆ, ਲਗਾਮ ਖਿੱਚ ਕੇ ਢਿੱਲੀ ਛੱਡੀ ਤੇ ਘੋੜੇ ਦੀ ਛਾਲ ਮਰਵਾਈ। ਘੋੜਾ ਹਵਾ ਵਿਚ ਉੱਡਿਆ। ਏਨੀ ਤੇਜ਼ ਤੇ ਉੱਚੀ ਛਾਲ ਕਿ ਉਹ ਅਬਦਾਲੀ ਮੂਹਰੇ ਖਲੋਤੀਆਂ ਤਿੰਨ ਕਤਾਰਾਂ ਦੇ ਉੱਤੋਂ ਦੀ ਸਭ ਨੇ ਲੰਘਦਾ ਦੇਖਿਆ ..
"ਲੰਘਦਾ ਨਹੀਂ ਉੱਡਦਾ", ਮੁਸਕੁਰਾਉਂਦਾ ਹੋਇਆ ਚੜ੍ਹਤ ਸਿੰਘ ਬੋਲਿਆ।
“ਹਾਂ, ਲੰਘਦਾ ਨਹੀਂ ਉੱਡਦਾ ", ਬਾਬਾ ਭੰਗੂ ਵੀ ਮੁਸਕੁਰਾ ਕੇ ਬੋਲਿਆ। ਜਿਵੇਂ ਸਰਦਾਰ ਚੜ੍ਹਤ ਸਿੰਘ ਨੇ ਉਸ ਨੂੰ ਹੀ ਯਾਦ ਕਰਵਾਇਆ ਹੋਵੇ।
ਜੇ ਨਾ ਰੋਕਿਆ ਜਾਂਦਾ ਤਾਂ ਸਿੰਘ ਦਾ ਘੋੜਾ ਅਬਦਾਲੀ ਦੇ ਬਿਲਕੁਲ ਉੱਤੇ ਆ ਕੇ ਡਿੱਗਣਾ ਸੀ। ਬੰਦੂਕਾਂ ਵਾਲਿਆਂ ਗੋਲੀਆਂ ਦਾਗ਼ੀਆਂ, ਤੀਰ ਅੰਦਾਜਾਂ ਤੀਰ ਛੱਡੇ, ਨੇਜ਼ਿਆਂ ਵਾਲਿਆਂ ਨੇਜ਼ੇ, ਬਰਛੇ, ਕਟਾਰਾਂ, ਕਰਦਾਂ, ਤਲਵਾਰਾਂ ਤੇ ਹੋਰ ਪਤਾ ਨਹੀਂ ਕੀ ਕੀ...
ਸੈਕੜੇ ਸ਼ਸਤਰ ਸਭ ਪਾਸਿਆਂ ਤੋਂ ਸਿੰਘ ਵੱਲ ਵਧੇ ਆ ਰਹੇ ਸਨ। ਸਿੰਘ ਦਾ ਘੋੜਾ ਹਵਾ ਵਿਚ ਹੀ ਸ਼ਹਾਦਤ ਪਾ ਗਿਆ। ਧਰਤੀ 'ਤੇ ਆਉਣ ਤੋਂ ਪਹਿਲਾਂ ਹੀ ਉਹ ਦੇਹ ਦਾ ਓਹਲਾ ਕਰ ਗਿਆ ਸੀ। ਸਿੰਘ ਨੇ ਘੋੜੇ ਤੋਂ ਛਾਲ ਮਾਰੀ। ਉਸ ਦੀ ਦੇਹ ਵੀ ਗੋਲੀਆਂ, ਤੀਰਾਂ ਨਾਲ ਵਿੰਨ੍ਹੀ ਪਈ ਸੀ । ਡਿੱਗਦੇ ਡਿਗਦੇ ਹੋਏ ਵੀ ਉਸ ਨੇ ਆਪਣੀ ਕਟਾਰ ਅਬਦਾਲੀ ਵੱਲ ਚਲਾ ਦਿੱਤੀ।