

ਕੀਤੀ ਤੇ ਕੋਲ ਖਲੋਤੇ ਸਭ ਸਿੰਘ ਚੌਕੜੇ ਮਾਰ ਕੇ ਇਕਾਗਰਤਾ ਨਾਲ ਉਸ ਸਿੰਘ ਕੋਲ ਬੈਠ ਗਏ ਤੇ ਬਾਬਾ ਸਾਡੇ ਵੱਲ ਆ ਗਿਆ।
ਭਾਈ ਹਾਠੂ ਸਿੰਘ ਜੀ ਦੀ ਦਲੇਰੀ ਭਰੀ ਸ਼ਹਾਦਤ ਨੇ ਸਾਨੂੰ ਸੁੰਨ ਕਰ ਦਿੱਤਾ ਸੀ। ਬਾਬਾ ਵੀ ਬੋਲਦਾ ਬੋਲਦਾ ਕੁਝ ਪਲ ਲਈ ਚੁੱਪ ਹੋ ਗਿਆ। ਬਾਬੇ ਦੇ ਕੋਲ ਖਲੋਤੇ ਸਿੰਘ ਨੇ ਆਪਣੇ ਬਰਛੇ ਦੀ ਧਾਰ 'ਤੇ 'ਗੂਠਾ ਫੇਰ ਕੇ ਦੇਖਿਆ ਤੇ ਫੇਰ ਆਪਣੇ ਦੁਮਾਲੇ ਵਿਚ ਲੱਗਿਆ ਬਾਘ ਨਖਾ ਕੱਢ ਕੇ ਉਸ ਦੀ ਧਾਰ ਪਰਖੀ। ਮੈਂ ਉਸ ਵੱਲ ਦੇਖ ਰਿਹਾ ਸੀ ਕਿ ਸਾਡੀਆਂ ਨਜ਼ਰਾਂ ਮਿਲੀਆਂ ਤੇ ਉਹ ਸਿੰਘ ਬਾਘ ਨੂੰ ਦੁਬਾਰਾ ਦੁਮਾਲੇ ਵਿਚ ਟੰਗਦਾ ਹੋਇਆ ਮੁਸਕੁਰਾਉਣ ਲੱਗਿਆ।
"ਅਸਲ ਵਿਚ ਅਬਦਾਲੀ ਅੱਗੇ ਸਾਰੇ ਹਿੰਦ ਨੇ ਗੋਡੇ ਟੇਕ ਦਿੱਤੇ ਸਨ, ਬਸ ਪੰਜਾਬ ਦੇ ਸਿਖ ਹੀ ਸਨ ਜਿਹਨਾਂ ਉਸ ਦੀ ਈਨ ਤਾਂ ਕੀ ਮੰਨਨੀ ਸੀ, ਸਗੋਂ ਲਗਾਤਾਰ ਉਸ ਦੇ ਨਾਸੀਂ ਧੂਆਂ ਕਢਾਈ ਰੱਖਿਆ। ਮਰਾਠਿਆਂ ਨੂੰ ਬੁਰੀ ਤਰਾਂ ਹਰਾ ਕੇ ਸਾਰੇ ਹਿੰਦੋਸਤਾਨ ਉੱਤੇ ਸ਼ਾਹ ਨੇ ਅਫਗਾਨ ਪਰਚਮ ਝੁਲਾ ਦਿੱਤਾ ਸੀ। ਹੁਣ ਉਸ ਨੇ ਤਾਂ ਆਪਣੇ ਚਿੱਤ ਵਿਚ ਸੋਚ ਲਿਆ ਸੀ ਕਿ ਉਸ ਦੀ ਪਾਤਸ਼ਾਹੀ ਏਥੇ ਕਾਇਮ ਹੋ ਚੁੱਕੀ ਹੈ। ਪਰ ਮੁੜਦੇ ਨੂੰ ਸਿਖਾਂ ਨੇ ਏਨਾ ਲੁੱਟਿਆ ਕਿ ਉਸ ਨੇ ਸੁਪਨੇ ਵਿਚ ਵੀ ਨਹੀ ਸੋਚਿਆ ਸੀ। ਹਿੰਦੋਸਤਾਨ ਵਿਚੋਂ ਕੈਦ ਕਰਕੇ ਲਿਆਂਦੀਆਂ ਗਈਆਂ ਹਜ਼ਾਰਾਂ ਕੁੜੀਆਂ ਸਿੰਘਾਂ ਨੇ ਉਸ ਤੋਂ ਛੁਡਵਾ ਲਈਆਂ। ਮਾਲ ਖਜ਼ਾਨੇ ਵਾਲੇ ਖੱਚਰਾਂ, ਊਠ, ਗੱਡੇ ਖਾਲੀ ਕਰ ਦਿੱਤੇ । ਪਾਨੀਪਤ ਜਿੱਤ ਕੇ ਮੁੜ ਰਿਹਾ ਅਹਿਮਦ ਸ਼ਾਹ ਕਾਬਲ ਇੰਝ ਪੁੱਜਿਆ ਜਿਵੇਂ ਕੋਈ ਵੱਡੀ ਜੰਗ ਜਿੱਤ ਨੇ ਨਹੀਂ ਕਿਸੇ ਛੋਟੀ ਜੰਗ ਵਿਚ ਵੱਡੀ ਹਾਰ ਖਾ ਕੇ ਮੁੜਿਆ ਹੋਵੇ ", ਕੁਝ ਚਿਰ ਮਗਰੋਂ ਫਿਰ ਆਪ ਹੀ ਇਕ ਦਮ ਬਾਬੇ ਨੇ ਬੋਲਣਾ ਸ਼ੁਰੂ ਕੀਤਾ।
“ਪਰ ਅਸੀਂ ਤਾਂ ਬਾਬਾ ਗੁਰਬਖ਼ਸ਼ ਸਿੰਘ ਜੀ ਦੇ ਮੁੜ ਜਨਮ ਲੈਣ ਦੀ ਉਡੀਕ ਵਿਚ ਸਾਂ... ਰਾਤ ਕਿੰਨੀ ਛੇਤੀ ਬੀਤ ਰਹੀ ਹੈ, ਕਿਤੇ ਸਾਡੀ ਉਹ ਸਾਖੀ ਰਹਿ ਹੀ ਨਾ ਜਾਵੇ...?", ਸਾਖੀ ਕਿਤੋਂ ਹੋਰ ਤੁਰ ਪਈ ਹੋਣ ਕਰਕੇ ਮੈਂ ਬੋਲਿਆ।
"ਸਮਾਂ ਵੀ ਬੜੀ ਭੈੜੀ ਸ਼ੈਅ ਹੈ । ਤੁਹਾਡੀ ਜੇਹੀ ਅਵਸਥਾ ਹੈ, ਉਹੋ ਜਿਹਾ ਹੀ ਵਿਹਾਰ ਕਰਦਾ ਹੈ। ਇਕ ਪਾਸੇ ਸਾਖੀ ਦੇ ਆਨੰਦ ਵਿਚ ਤੁਹਾਡੀ ਰਾਤ ਛੇਤੀ ਬੀਤ ਰਹੀ ਹੈ ਤੇ ਦੂਜੇ ਪਾਸੇ ਉਡੀਕ ਅਤੇ ਕੌਮ ਦੇ ਭਵਿੱਖ ਦੇ ਫਿਕਰ ਵਿਚ ਸਾਡੀ ਰਾਤ ਲੰਬੀ ਹੁੰਦੀ ਜਾ ਰਹੀ ਹੈ। ਤੂੰ ਘਾਬਰ ਨਾ ਪੁੱਤਰਾ... ਇਹ ਰਾਤ ਤਾਂ ਬਹੁਤ ਲੰਬੀ ਹੈ... ਉਡੀਕ ਵਾਲੀ ਰਾਤ ਲੰਬੀ ਹੀ ਹੁੰਦੀ ਹੈ। ਇਸ